#AMERICA

ਗੁੱਸੇ ਦਾ ਕਹਿਰ; ਜੌਰਜੀਆ ‘ਚ ਭਾਰਤੀ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਹੋਰ ਰਿਸ਼ਤੇਦਾਰਾਂ ਦਾ ਕਤਲ

ਜੌਰਜੀਆ, 24 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਜੌਰਜੀਆ ਵਿਚ 51 ਸਾਲ ਦੇ ਵਿਜੇ ਕੁਮਾਰ ਨਾਮੀ ਸ਼ਖ਼ਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ ਅਤੇ ਉਹ ਲੜ ਕੇ ਆਪਣੇ ਪੇਕੇ ਘਰ ਆ ਗਈ ਸੀ। ਵਿਜੇ ਕੁਮਾਰ ਨੂੰ ਸ਼ੱਕ ਸੀ ਕਿ ਉਸਦੇ ਘਰ ਵਿਚ ਹੋ ਰਹੇ ਕਲੇਸ਼ ਪਿੱਛੇ ਉਸਦੇ ਸਹੁਰੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ। ਸੋ ਉਸ ਦਿਨ ਵੀ ਉਸਨੇ ਗੁੱਸੇ ਵਿਚ ਆ ਕੇ ਆਪਣੇ ਸਹੁਰੇ ਪਰਿਵਾਰ ਦੇ ਘਰ ਦਾ ਰੁਖ ਕੀਤਾ ਅਤੇ ਉੱਥੇ ਪਹੁੰਚ ਕੇ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ, ਜੋ ਬਾਅਦ ਵਿਚ ਗਰਮਾ-ਗਰਮੀ ਵਿਚ ਬਦਲ ਗਈ ਅਤੇ ਕੁਮਾਰ ਨੇ ਤੈਸ਼ ਵਿਚ ਆ ਕੇ ਪਹਿਲਾਂ ਤਾਂ ਆਪਣੀ ਘਰਵਾਲੀ ਮੀਮੂ ਡੋਗਰਾ (43) ਦੇ ਗੋਲੀ ਮਾਰੀ ਅਤੇ ਫਿਰ ਆਪਣੇ ਤਿੰਨ ਹੋਰ ਰਿਸ਼ਤੇਦਾਰਾਂ ਗੌਰਵ ਕੁਮਾਰ (33), ਨਿਧੀ ਚੰਦਰ (37), ਹਰੀਸ਼ ਚੰਦਰ (38) ਨੂੰ ਗੋਲੀਆਂ ਮਾਰਕੇ ਥਾਂ ‘ਤੇ ਹੀ ਮਾਰ ਮੁਕਾਇਆ। ਉਸਦੇ ਇਸ ਵਹਿਸ਼ੀਆਨਾ ਰਵੱਈਏ ਤੋਂ ਡਰ ਕੇ ਘਰ ਵਿਚ ਮੌਜੂਦ ਤਿੰਨ ਬੱਚਿਆਂ ਨੇ ਅਲਮਾਰੀ ਵਿਚ ਲੁੱਕ ਕੇ ਆਪਣੀਆਂ ਜਾਨਾਂ ਬਚਾਈਆਂ। ਫਿਰ ਉਨ੍ਹਾਂ ਬੱਚਿਆਂ ਵਿਚੋਂ ਹੀ ਇੱਕ ਨੇ 911 ਨੰਬਰ ਡਾਇਲ ਕਰਕੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਆ ਕੇ ਹਲਾਤ ‘ਤੇ ਕਾਬੂ ਪਾਇਆ ਅਤੇ ਵਿਜੇ ਕੁਮਾਰ ਨੂੰ ਮੌਕੇ ਤੋਂ ਕਾਬੂ ਕੀਤਾ। ਕੁਮਾਰ ਦੇ ਕੁਝ ਮਿੰਟਾਂ ਦੇ ਗੁੱਸੇ ਨੇ ਪਲਾਂ ਵਿਚ ਹੱਸਦਾ-ਵੱਸਦਾ ਪਰਿਵਾਰ ਉਜਾੜ ਕੇ ਰੱਖ ਦਿੱਤਾ ਅਤੇ ਬੱਚੇ ਅਨਾਥ ਹੋ ਗਏ।