‘ਗੁਰੂ ਨਾਨਕ ਜਹਾਜ਼’ ਨਾਂ ਦੀ ਬਹਾਲੀ ਲਈ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਇਕਜੁੱਟ
ਸਰੀ, 29 ਜੁਲਾਈ (ਹਰਦਮ ਸਿੰਘ ਮਾਨ/ਪੰਜਾਬ ਮੇਲ)- ਕੈਨੇਡਾ ਦੇ ਸ਼ਹਿਰ ਸਰੀ ਦੇ ਸਿਟੀ ਹਾਲ ‘ਚ ਗੁਰੂ ਨਾਨਕ ਜਹਾਜ਼ 111ਵੀਂ ਵਰ੍ਹੇਗੰਢ ਮੌਕੇ ਐਲਾਨਨਾਮਾ ਜਾਰੀ ਕੀਤਾ ਗਿਆ ਹੈ। ਇਸ ਮੌਕੇ ‘ਤੇ ਕੌਂਸਲ ਚੈਂਬਰ ਦੇ ਖਚਾਖਚ ਭਰੇ ਹਾਲ ਕੈਨੇਡਾ ਦੀਆਂ ਦੋ ਦਰਜਨ ਤੋਂ ਵੱਧ ਸੰਸਥਾਵਾਂ ਨੇ ਇੱਕਜੁੱਟਤਾ ਵਿਖਾਉਂਦਿਆਂ ਬ੍ਰਿਟਿਸ਼ ਬਸਤੀਵਾਦੀ ਨਾਮ ਕਮਾਗਾਟਾਮਾਰੂ ਦੀ ਥਾਂ ਗੁਰਦਿਤ ਸਿੰਘ ਅਤੇ ਮੁਸਾਫਿਰਾਂ ਵੱਲੋਂ ਜਹਾਜ਼ 66,000 ਡਾਲਰ ‘ਤੇ ਚਾਰਟਰ ਕਰਨ ਮਗਰੋਂ ਰੱਖੇ ਗਏ ‘ਗੁਰੂ ਨਾਨਕ ਜਹਾਜ਼’ ਨਾਂ ਨੂੰ ਬਹਾਲ ਕਰਨ ਲਈ ਅਹਿਦ ਲਿਆ। ਗੁਰੂ ਨਾਨਕ ਜਹਾਜ਼ ਹੈਰੀਟੇਜ ਸੁਸਾਇਟੀ ਵੱਲੋਂ ਪ੍ਰੋਗਰਾਮ ਦੌਰਾਨ ਡਾ. ਗੁਰਵਿੰਦਰ ਸਿੰਘ ਨੇ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸਭ ਨੂੰ ਜੀ ਆਇਆਂ ਆਖਿਆ। ਗੁਰੂ ਨਾਨਕ ਜਹਾਜ਼ ਦਿਹਾੜੇ ਵਜੋਂ ਇਤਿਹਾਸਕ ਮਾਨਤਾ ਮਿਲਣ ‘ਤੇ ਇਸ ਸਮਾਗਮ ਵਿਚ ਧਾਰਮਿਕ, ਵਿਦਿਅਕ, ਸਮਾਜਿਕ ਅਤੇ ਸੱਭਿਆਚਾਰਕ ਜਥੇਬੰਦੀਆਂ ਨੇ ਬੇਮਿਸਾਲ ਉਤਸ਼ਾਹ ਦਿਖਾਇਆ।
ਸਰੀ ਸਿਟੀ ਦੀ ਮੇਅਰ ਬਰਿੰਡਾ ਲੌਕ ਵੱਲੋਂ ਜਾਰੀ ਐਲਾਨਨਾਮੇ ਨੂੰ ਕੌਂਸਲਰ ਹੈਰੀ ਬੈਂਸ, ਮਨਦੀਪ ਸਿੰਘ ਨਾਗਰਾ, ਲਿੰਡਾ ਐਨਿਸ ਨੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਪੁੱਤਰ ਜਨਮੀਤ ਸਿੰਘ ਖਾਲੜਾ ਨੂੰ ਭੇਟ ਕੀਤਾ, ਜਿਸ ਦੇ ਪੜਦਾਦਾ ਭਾਈ ਹਰਨਾਮ ਸਿੰਘ ਖਾਲੜਾ ਗੁਰੂ ਨਾਨਕ ਜਹਾਜ਼ ਰਾਹੀਂ ਕੈਨੇਡਾ ਪਹੁੰਚੇ ਸਨ। ਇਸ ਐਲਾਨਨਾਮੇ ਦੇ ਉਪਰਾਲੇ ਵਿਚ ਭਾਈਚਾਰੇ ਦੀ ਨਾਮਵਰ ਸ਼ਖਸੀਅਤ ਸਰਬਜੀਤ ਸਿੰਘ ਬੈਂਸ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ‘ਤੇ ਸੈਨੇਟਰ ਬਲਤੇਜ ਸਿੰਘ ਢਿੱਲੋਂ, ਐੱਮ.ਪੀ. ਸੁੱਖ ਧਾਲੀਵਾਲ, ਐੱਮ.ਪੀ. ਗੁਰਬਖਸ਼ ਸਿੰਘ ਸੈਣੀ, ਐੱਮ.ਐੱਲ.ਏਜ਼ ਅਮੀਨਾ ਸ਼ਾਹ, ਗੈਰੀ ਬੈਗ, ਮਨਦੀਪ ਸਿੰਘ ਧਾਲੀਵਾਲ, ਹਰਮਨ ਭੰਗੂ ਤੇ ਜੋਡੀ ਤੂਰ ਨੇ ਵਿਚਾਰ ਸਾਂਝੇ ਕੀਤੇ।
ਪੰਜਾਬ ਤੋਂ ਆਏ ਪ੍ਰਸਿੱਧ ਸੰਗੀਤਕਾਰ ਭਾਈ ਬਲਦੀਪ ਸਿੰਘ ਅਤੇ ਸਿੱਖ ਵਿਦਵਾਨ ਹਰਿੰਦਰ ਸਿੰਘ, ਗਿਆਨ ਸਿੰਘ ਸੰਧੂ, ਪੰਜਾਬ ਪਾਕਿਸਤਾਨ ਤੋਂ ਸਤਿਕਾਰਤ ਸ਼ਖ਼ਸੀਅਤ ਰਾਏ ਅਜ਼ੀਜ਼ ਉੱਲਾ ਖਾਨ ਯਾਦਗਾਰੀ ਦਿਹਾੜੇ ਮੌਕੇ ਪਹੁੰਚੇ ਹੋਏ ਸਨ। ਖਾਲਸਾ ਸਕੂਲ ਦੀ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਪ੍ਰੋਗਰਾਮ ਦੀ ਸ਼ੁਰੂਆਤ ਮੂਲ ਨਿਵਾਸੀਆਂ ਨੇ ਭਾਵਪੂਰਤ ਤਰੀਕੇ ਨਾਲ ਕੀਤੀ। ਉਪਰੰਤ ਕੈਨੇਡਾ ਦਾ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਸ਼ਬਦ ਗਾਇਨ ਕੀਤੇ ਗਏ।
ਸਮਾਗਮ ਵਿਚ ਹਾਜ਼ਰ ਸੰਸਥਾਵਾਂ ਨੂੰ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜੇ ‘ਤੇ ਜਾਰੀ ਐਲਾਨਨਾਮੇ ਭੇਟ ਕੀਤੇ ਗਏ। ਯਾਦਗਾਰੀ ਸਮਾਗਮ ਦੇ ਅਖੀਰ ਵਿਚ ਧੰਨਵਾਦ ਰਾਜ ਸਿੰਘ ਭੰਡਾਲ ਵੱਲੋਂ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਇਤਿਹਾਸਕ ਹਵਾਲਿਆਂ ਦੀ ਗੱਲ ਕਰਦਿਆਂ, ਕੈਨੇਡਾ ਵਿਚ ਫੈਡਰਲ ਪੱਧਰ ਦੇ ਮਾਫੀਨਾਮੇ ਵਿਚ ਵੀ ਮੁੱਖ ਨਾਂ ਗੁਰੂ ਨਾਨਕ ਜਹਾਜ਼ ਕਰਕੇ ਗਲਤੀ ਦੀ ਸੁਧਾਈ ਦਾ ਸੁਨੇਹਾ ਦਿੱਤਾ ਗਿਆ। ਇਤਿਹਾਸ ਗਲਤੀਆਂ ਨੂੰ ਦਰੁੱਸਤ ਕਰਨ ਤੇ ਗੁਰੂ ਨਾਨਕ ਜਹਾਜ਼ ਨਾਂ ਦੀ ਬਹਾਲੀ ਵਾਸਤੇ ਕੀਤੀ ਗਏ ਇਸ ਪ੍ਰੋਗਰਾਮ ਦਾ ਸੰਚਾਲਨ ਸਾਹਿਬ ਕੌਰ ਵੱਲੋਂ ਕੀਤਾ ਗਿਆ।
ਪ੍ਰੋਗਰਾਮ ਦੌਰਾਨ ਪੰਜਾਬ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਕੁਲਦੀਪ ਸਿੰਘ ਗੜਗੱਜ ਵਲੋਂ 23 ਜੁਲਾਈ ਦਾ ਦਿਨ ਪੰਜਾਬ ਅਤੇ ਭਾਰਤ ਪੱਧਰ ‘ਤੇ ਗੁਰੂ ਨਾਨਕ ਜਹਾਜ਼ ਯਾਦਗਾਰੀ ਦਿਹਾੜਾ ਐਲਾਨੇ ਜਾਣ ਅਤੇ ਇਸ ਸਬੰਧੀ ਇਤਿਹਾਸ ਦੀਆਂ ਕਿਤਾਬਾਂ ਦਰੁੱਸਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਲਈ ਧੰਨਵਾਦ ਕੀਤਾ ਗਿਆ।
ਗੁਰੂ ਨਾਨਕ ਜਹਾਜ਼ ਦਿਹਾੜੇ ‘ਤੇ ਸਰੀ ਸਿਟੀ ਹਾਲ ਵਿਚ ਯਾਦਗਾਰੀ ਸਮਾਗਮ
