ਸਰੀ, 26 ਸਤੰਬਰ (ਹਰਦਮ ਮਾਨ/ਪੰਜਾਬ ਮੇਲ)- ਖੋਜ, ਵਿਦਿਆ ਅਤੇ ਸੇਵਾ ਰਾਹੀਂ ਸੱਭਿਅਚਾਰਕ ਵਖਰੇਵੇਂ ਦੇ ਨਾਲ ਨਾਲ ਸਿੱਖੀ ਦੀ ਸਹਿ-ਹੋਂਦ ਨੂੰ ਪ੍ਰਫੁੱਲਤ ਕਰਨ ਅਤੇ ਵਿਸ਼ਵ ਦੀਆਂ ਪ੍ਰਮੁੱਖ ਵਿਦਿਅਕ ਸੰਸਥਾਵਾਂ ਦੇ ਮੁਕਾਬਲਤਨ ਯੂਨੀਵਰਸਿਟੀ ਬਣਾਉਣ ਦੇ ਉਦੇਸ਼ ਪ੍ਰਤੀ ਕਾਰਜਸ਼ੀਲ ਸੰਸਥਾ ‘ਗੁਰੂ ਨਾਨਕ ਇੰਸਟੀਟਿਊਟ ਆਫ ਗਲੋਬਲ ਸਟੱਡੀਜ਼’ ਵੱਲੋਂ ਆਪਣੀ ਤੀਜੀ ਸਾਲਾਨਾ ‘ਅੰਤਰਰਾਸ਼ਟਰੀ ਸਿੱਖ ਖੋਜ ਕਾਨਫਰੰਸ-2024’ ਧਾਲੀਵਾਲ ਬੈਂਕੁਇਟ ਹਾਲ (ਪਾਇਲ ਬਿਜ਼ਨਸ ਸੈਂਟਰ) ਸਰੀ ਵਿਖੇ 28 ਅਤੇ 29 ਸਤੰਬਰ 2024 ਨੂੰ ਕਰਵਾਈ ਜਾ ਰਹੀ ਹੈ। ਪਹਿਲੇ ਦਿਨ ਸਵੇਰੇ 7.30 ਵਜੇ ਤੋਂ ਸ਼ਾਮ 6.30 ਵਜੇ ਤੱਕ ਅਤੇ ਦੂਜੇ ਦਿਨ ਸਵੇਰੇ 7.30 ਤੋਂ ਸ਼ਾਮ 4.30 ਵਜੇ ਤੱਕ ਹੋਣ ਵਾਲੀ ਇਸ ਕਾਨਫਰੰਸ ਵਿੱਚ ‘ਗਲੋਬਲ ਪ੍ਰਭਾਵ ਅਤੇ ਸਿੱਖਾਂ ਦਾ ਯੋਗਦਾਨ’ ਨਾਲ ਸੰਬੰਧਿਤ ਵੱਖ ਵੱਖ ਵਿਸ਼ਿਆਂ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਨਾਮਵਰ ਵਿਦਵਾਨ ਅਤੇ ਵੱਖ ਵੱਖ ਖੇਤਰਾਂ ਦੇ ਮਾਹਿਰ ਆਪਣੇ ਖੋਜ ਭਰਪੂਰ ਪਰਚੇ ਅਤੇ ਵਿਚਾਰ ਪੇਸ਼ ਕਰਨਗੇ।
ਇਹ ਜਾਣਕਾਰੀ ਦਿੰਦਿਆਂ ਗੁਰੂ ਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਦੇ ਪ੍ਰਧਾਨ ਅਤੇ ਸੀਈਓ ਗਿਆਨ ਸਿੰਘ ਸੰਧੂ ਨੇ ਦੱਸਿਆ ਹੈ ਕਿ ਇਸ ਦੋ ਦਿਨਾਂ ਕਾਨਫਰੰਸ ਵਿੱਚ ਅੰਤਰ-ਰਾਸ਼ਟਰੀ ਉੱਚ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ, ਗਲੋਬਲ ਕਣਕ ਉਤਪਾਦਨ ਵਿੱਚ ਸਿੱਖ ਵਿਗਿਆਨੀਆਂ ਦਾ ਯੋਗਦਾਨ, ਵਾਤਾਵਰਨ ਨਿਰਮਾਣ ਵਿੱਚ ਸਥਿਰ ਊਰਜਾ ਨੀਤੀਆਂ. ਭੋਜਨ ਅਤੇ ਪੌਸ਼ਟਿਕਤਾ ਸੁਰੱਖਿਆ ਵਿਚ ਸਿੱਖ ਖੋਜੀਆਂ ਦੁਆਰਾ ਯੋਗਦਾਨ, ਸਮਤੋਲ ਵਿਸ਼ਵ ਸੁਰੱਖਿਆ ਲਈ ਸਿੱਖ ਸੰਸਥਾਵਾਂ ਦਾ ਯੋਗਦਾਨ, ਕਨੇਡੀਅਨ ਸਿਆਸੀ ਲੈਂਡਸਕੇਪ(ਲੋਕਤੰਤਰ,ਧਰੁਵੀਕਰਨ,ਗਲੋਬਲ/ਨੈਸ਼ਨਲ/ਲੋਕਲ), ਡੀਕੋਲੋਨਾਈਜਿੰਗ ਐਜੂਕੇਸ਼ਨ (ਸ਼ਮੂਲੀਅਤ, ਨਵੀਨਤਾ ਅਤੇ ਸਿਰਜਣਾਤਮਕ ਸੋਚ ਦੇ ਸਥਾਨ), ਸਮਕਾਲੀ ਹੱਥ ਲਿਖਤ ਸਬੂਤਾਂ ਨਾਲ ਜ਼ਫ਼ਰਨਾਮੇ ਦਾ ਪੁਨਰ ਨਿਰਮਾਣ, ਪਾਕਿਸਤਾਨ ਵਿੱਚ ਬਾਗੜੀ ਸਿੱਖਾਂ ਲਈ ਸੰਘਰਸ਼ ਅਤੇ ਹੱਲ ਦੀਆਂ ਰੁਕਾਵਟਾਂ ਨੂੰ ਦੂਰ ਕਰਨ, ਯੂਕੇ ਦੇ ਸਿੱਖ ਭਾਈਚਾਰੇ ਵਿੱਚ ਮਾਨਸਿਕ ਸਿਹਤ ਮੁੱਦਿਆਂ ਦੇ ਉਭਾਰ, ਪਰਿਵਾਰਿਕ ਮਾਨਸਿਕ ਸਿਹਤ ਅਤੇ ਨੌਜਵਾਨਾਂ ਨਾਲ ਸੰਬੰਧਿਤ ਵਿਸ਼ਿਆਂ ਉਪਰ ਵਿਸ਼ਵ ਪ੍ਰਸਿੱਧ ਮਾਹਿਰ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕਰਨਗੇ। ਉਨ੍ਹਾਂ ਸਮੂਹ ਭਾਈਚਾਰੇ ਨੂੰ ਇਸ ਕਾਨਫਰੰਸ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।