#AMERICA

ਗੁਰਬਖ਼ਸ਼ ਸਿੰਘ ਸਿੱਧੂ ਨੇ ਅਮਰੀਕਾ ਦੇ ਸੈਂਟਾ ਰੋਜ਼ਾ ਵਿਖੇ ਐਥਲੀਟ ਮੀਟ ਵਿਚ ਜਿੱਤੇ

ਫਰਿਜ਼ਨੋ, 17 ਜੂਨ (ਪੰਜਾਬ ਮੇਲ)- ਫਰਿਜ਼ਨੋ ਦੇ ਸੀਨੀਅਰ ਐਥਲੀਟ ਸ. ਗੁਰਬਖ਼ਸ਼ ਸਿੰਘ ਸਿੱਧੂ ਜਿਹੜੇ ਕਿ ਅਕਸਰ ਸੀਨੀਅਰ ਖੇਡਾਂ ਵਿਚ ਭਾਗ ਲੈ ਕੇ ਅਮਰੀਕਾ ਵਿਚ ਪੰਜਾਬੀ ਭਾਈਚਾਰੇ ਦਾ ਨਾਮ ਚਮਕਾਉਂਦੇ ਆ ਰਹੇ ਨੇ, ਉਨ੍ਹਾਂ ਐਤਵਾਰ 9 ਜੂਨ, 2024 ਨੂੰ ਕੈਲੀਫੋਰਨੀਆ ਦੇ ਸੈਂਟਾ ਰੋਜ਼ਾ ਵਿਚ ਸੋਨੋਮਾ ਵਾਈਨ ਕੰਟਰੀ ਥ੍ਰੋਇੰਗ ਮੁਕਾਬਲੇ ਵਿਚ ਹਿੱਸਾ ਲਿਆ। ਸੈਂਟਾ ਰੋਜ਼ਾ ਸ਼ਹਿਰ ਫੈਡਰਲ ਹਾਈਵੇਅ 101 ‘ਤੇ ਸਾਨ ਫਰਾਂਸਿਸਕੋ ਤੋਂ 60 ਮੀਲ ਉੱਤਰ ਵਿਚ ਹੈ। ਗੁਰਬਖ਼ਸ਼ ਸਿੰਘ ਸਿੱਧੂ ਨੇ ਇੱਥੇ ਹੈਮਰ ਥਰੋਅ, ਵੇਟ ਥਰੋਅ ਡਿਸਕਸ ਥਰੋਅ ਅਤੇ ਪੈਨਟਾਥਲੋਨ ਵਿਚ ਮੁਕਾਬਲਾ ਕਰਦਿਆਂ ਜਿੱਤ ਦਰਜ ਕੀਤੀ। ਉਨ੍ਹਾਂ ਸ਼ਾਟ ਪੁਟ ਵਿਚ ਜਿੱਤ ਹਾਸਲ ਕਰਨ ਦੇ ਨਾਲ-ਨਾਲ ਜੈਵਲਿਨ ਥਰੋਅ ਵਿਚ ਤੀਜਾ ਸਥਾਨ ਜਿੱਤਿਆ। ਇਸ ਤਰ੍ਹਾਂ ਕੁੱਲ ਮਿਲਾਕੇ ਉਨ੍ਹਾਂ 4 ਗੋਲਡ ਮੈਡਲ, 1 ਚਾਂਦੀ ਦਾ ਤਗਮਾ ਅਤੇ ਇੱਕ ਕਾਂਸੀ ਦਾ ਤਗਮਾ ਜਿੱਤਿਆ। ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ 50+ ਉਮਰ ਦੇ ਐਥਲੀਟ ਪੂਰੇ ਕੈਲੀਫੋਰਨੀਆ ਤੋਂ ਆਏ ਸਨ। ਮੁਕਾਬਲੇ ਲਈ 45 ਦੇ ਕਰੀਬ ਪੁਰਸ਼ ਅਤੇ ਮਹਿਲਾ ਅਥਲੀਟ ਉੱਥੇ ਪਹੁੰਚੇ ਹੋਏ ਸਨ।