#AMERICA

ਗੁਰਪਤਵੰਤ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਰਚਣ ਦੇ ਮਾਮਲੇ ‘ਚ ਨਿਖਿਲ ਗੁਪਤਾ ਦਾ ਵੱਡਾ ਕਬੂਲਨਾਮਾ

-ਅਮਰੀਕੀ ਅਦਾਲਤ ‘ਚ ਕਬੂਲਿਆ ਆਪਣਾ ਗੁਨਾਹ
ਨਿਊਯਾਰਕ, 14 ਫਰਵਰੀ (ਪੰਜਾਬ ਮੇਲ)- ਅਮਰੀਕਾ ‘ਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਅਸਫਲ ਸਾਜ਼ਿਸ਼ ਰਚਣ ਦੇ ਮਾਮਲੇ ਵਿਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਮਾਮਲੇ ਦੇ ਮੁੱਖ ਮੁਲਜ਼ਮ ਨਿਖਿਲ ਗੁਪਤਾ ਨੇ ਨਿਊਯਾਰਕ ਦੀ ਇੱਕ ਫੈਡਰਲ ਅਦਾਲਤ ਵਿਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
54 ਸਾਲਾ ਨਿਖਿਲ ਗੁਪਤਾ ਨੇ ਮੈਨਹਟਨ ਦੀ ਅਦਾਲਤ ਵਿਚ ਜੱਜ ਸਾਹਮਣੇ ਪੇਸ਼ ਹੋ ਕੇ ‘ਮਰਡਰ-ਫਾਰ-ਹਾਇਰ’ (ਪੈਸੇ ਦੇ ਕੇ ਕਤਲ ਕਰਵਾਉਣਾ), ਕਤਲ ਦੀ ਸਾਜ਼ਿਸ਼ ਅਤੇ ਮਨੀ ਲਾਂਡਰਿੰਗ ਸਮੇਤ ਤਿੰਨ ਗੰਭੀਰ ਅਪਰਾਧਿਕ ਦੋਸ਼ਾਂ ਵਿਚ ਆਪਣਾ ਗੁਨਾਹ ਕਬੂਲਿਆ ਹੈ। ਇਨ੍ਹਾਂ ਸਾਰੇ ਦੋਸ਼ਾਂ ਤਹਿਤ ਗੁਪਤਾ ਨੂੰ ਵੱਧ ਤੋਂ ਵੱਧ 40 ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ।
ਨਿਖਿਲ ਗੁਪਤਾ ਨੂੰ ਸਾਲ 2023 ਵਿਚ ਚੈੱਕ ਗਣਰਾਜ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਤੋਂ ਬਾਅਦ ਜੂਨ 2024 ਵਿਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਅਮਰੀਕਾ ਪਹੁੰਚਣ ਤੋਂ ਤੁਰੰਤ ਬਾਅਦ ਉਸ ਨੇ ਪਹਿਲਾਂ ਖੁਦ ਨੂੰ ਬੇਕਸੂਰ ਦੱਸਿਆ ਸੀ, ਪਰ ਹੁਣ ਉਸ ਨੇ ਅਦਾਲਤ ਵਿਚ ਆਪਣੀ ਸ਼ਮੂਲੀਅਤ ਸਵੀਕਾਰ ਕਰ ਲਈ ਹੈ।
ਭਾਰਤ ਸਰਕਾਰ ਨੇ ਇਸ ਮਾਮਲੇ ਤੋਂ ਖੁਦ ਨੂੰ ਪੂਰੀ ਤਰ੍ਹਾਂ ਵੱਖ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਕਾਰਵਾਈਆਂ ਸਰਕਾਰੀ ਨੀਤੀ ਦੇ ਵਿਰੁੱਧ ਹਨ। ਅਮਰੀਕੀ ਅਧਿਕਾਰੀਆਂ ਅਨੁਸਾਰ, ਇਹ ਕਥਿਤ ਸਾਜ਼ਿਸ਼ ਮਈ 2023 ਵਿਚ ਸ਼ੁਰੂ ਹੋਈ ਸੀ, ਜਿਸ ਵਿਚ ਯਾਦਵ ਨਾਮਕ ਇੱਕ ਸਾਬਕਾ ਭਾਰਤੀ ਸਰਕਾਰੀ ਕਰਮਚਾਰੀ ਦੀ ਸ਼ਮੂਲੀਅਤ ਦਾ ਦਾਅਵਾ ਕੀਤਾ ਗਿਆ ਹੈ।
ਗੁਰਪਤਵੰਤ ਸਿੰਘ ਪੰਨੂ ‘ਸਿੱਖਸ ਫਾਰ ਜਸਟਿਸ’ (ਐੱਸ.ਐੱਫ.ਜੇ.) ਦਾ ਮੁਖੀ ਹੈ। ਭਾਰਤ ਨੇ ਉਸ ਨੂੰ ਅੱਤਵਾਦੀ ਘੋਸ਼ਿਤ ਕੀਤਾ ਹੋਇਆ ਹੈ। ਪੰਨੂ ਅਕਸਰ ਵੀਡੀਓਜ਼ ਰਾਹੀਂ ਭਾਰਤ ਨੂੰ ਧਮਕੀਆਂ ਦੇਣ ਅਤੇ ਦੇਸ਼ ਵਿਰੋਧੀ ਭਾਵਨਾਵਾਂ ਭੜਕਾਉਣ ਲਈ ਜਾਣਿਆ ਜਾਂਦਾ ਹੈ।