#AMERICA

ਗੁਰਦੁਆਰਾ ਸਾਹਿਬ El Sobrante ਵਿਖੇ ਸਜਿਆ ਧਾਰਮਿਕ ਕਵੀ ਦਰਬਾਰ

ਐਲ ਸਬਰਾਂਟੇ, 10 ਜਨਵਰੀ (ਪ੍ਰਮਿੰਦਰ ਸਿੰਘ ਪ੍ਰਵਾਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕੀ ਪੰਜਾਬੀ ਕਵੀਆਂ ਵੱਲੋਂ 3550, Hillcrest Road, El Sobrante CA. 94803 ਵਿਖੇ ਨਵੇਂ ਸਾਲ 2024 ਦੀ ਆਮਦ ਦੇ ਸਜੇ ਦੀਵਾਨਾਂ ਵਿਚ ‘ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਜੀ’ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਕਵੀ ਦਰਬਾਰ ਬੜੀ ਸ਼ਰਧਾ-ਭਾਵਨਾ ਨਾਲ ਸਜਾਇਆ ਗਿਆ। ਪ੍ਰਵਾਨਾ ਵੱਲੋਂ ਮੰਚ ਸੰਭਾਲਦਿਆਂ ਗੁਰੂ ਸਾਹਿਬ ਜੀ ਦੇ ਜੀਵਨ ਅਤੇ ਸਿੱਖਿਆਵਾਂ ‘ਤੇ ਰੌਸ਼ਨੀ ਪਾਈ ਗਈ।
ਧਾਰਮਿਕ ਕਵੀ ਦਰਬਾਰ ਦੇ ਦੌਰ ਵਿਚ ਅਮਰਜੀਤ ਸਿੰਘ ਇਬਰਾਹਿਮਪੁਰੀ, ਤਰਸੇਮ ਸਿੰਘ ਸੁੰਮਨ, ਬੀਬੀ ਬਲਵਿੰਦਰ ਕੌਰ, ਜਸਦੀਪ ਸਿੰਘ ਫਰੀਮਾਂਟ, ਪ੍ਰਮਿੰਦਰ ਸਿੰਘ ਪ੍ਰਵਾਨਾ ਆਦਿ ਕਵੀ ਸ਼ਾਮਲ ਹੋਏ, ਜਿਨ੍ਹਾਂ ਨੇ ਗੁਰੂ ਸਾਹਿਬ ਦਾ ਜਸ ਗਾਉਂਦਿਆਂ ਬੀਰ ਰਸ ਦੀਆਂ ਰਚਨਾਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਰਵਿੰਦਰ ਸਿੰਘ ਜੀ ਰੰਧਾਵਾ ਵੱਲੋਂ ਪ੍ਰੋਗਰਾਮ ਦੀ ਸਫਲਤਾ ‘ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਅਮਰੀਕਨ ਪੰਜਾਬੀ ਕਵੀ ਸਮੇਂ-ਸਮੇਂ ਵਿਸ਼ੇਸ਼ ਬੁਲਾਵੇ ‘ਤੇ ਅਕਸਰ ਹੀ ਗੁਰੂ ਘਰ ਵਿਖੇ ਪ੍ਰੋਗਰਾਮ ਸਜਾਉਂਦੇ ਰਹਿੰਦੇ ਹਨ। ਉਨ੍ਹਾਂ ਨੂੰ ਹਮੇਸ਼ਾ ਖੁੱਲ੍ਹਾ ਸੱਦਾ ਹੈ ਕਿ ਪ੍ਰੋਗਰਾਮ ਸਜਾਉਂਦੇ ਰਹਿਣ। ਪ੍ਰਬੰਧਕਾਂ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਕਵੀਆਂ ਦਾ ਸਨਮਾਨ ਕੀਤਾ ਗਿਆ।
ਪ੍ਰਵਾਨਾ ਵੱਲੋਂ ਧੰਨਵਾਦੀ ਸ਼ਬਦਾਂ ਵਿਚ ਦ੍ਰਿੜ੍ਹ ਕਰਵਾਇਆ ਗਿਆ ਕਿ ਅੱਜ ਦੇ ਸਮੇਂ ਵਿਚ ਅਜਿਹੇ ਧਾਰਮਿਕ ਕਵੀ ਦਰਬਾਰਾਂ ਦੀ ਲੋੜ ਹੈ। ਅਜਿਹੇ ਪ੍ਰੋਗਰਾਮ ਸੰਗਤਾਂ ਅਤੇ ਸੁਹਿਰਦ ਪ੍ਰਬੰਧਕਾਂ ਦੇ ਸਹਿਯੋਗ ਨਾਲ ਹੀ ਸਫਲ ਹੁੰਦੇ ਹਨ। ਪ੍ਰੋਗਰਾਮ ਨੂੰ ਸਫਲ ਬਣਾਉਣ ਵਿਚ ਭਾਈ ਕੁਲਵੰਤ ਸਿੰਘ ਪ੍ਰਧਾਨ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰੋਗਰਾਮਾਂ ਦਾ ਮਨੋਰਥ ਸਾਹਿਬ-ਏ-ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੇਂ ਦੇ ਕਾਵਿ-ਪ੍ਰਵਾਹ ਨੂੰ ਅੱਗੇ ਤੋਰਨਾ ਹੈ। ਇਕ ਯਾਦਗਾਰੀ ਤਸਵੀਰ ਨਾਲ ਪ੍ਰੋਗਰਾਮ ਸੰਪੰਨ ਹੋਇਆ।