ਗੁਰਦਾਸਪੁਰ, 23 ਜਨਵਰੀ (ਪੰਜਾਬ ਮੇਲ)- ਗੁਰਦਾਸਪੁਰ ਦੇ ਚਾਰ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਨਾਲ ਲੋਕਾਂ ਅੰਦਰ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ। ਇਹ ਧਮਕੀ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਦੀ ਈ-ਮੇਲ ਰਾਹੀਂ ਮਿਲੀ ਹੈ, ਜਿਸ ਵਿਚ ਚਾਰ ਸਕੂਲਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੇ ਚੱਲਦਿਆਂ ਸੁਰੱਖਿਆ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਗੁਰਦਾਸਪੁਰ ਦੇ ਸਕੂਲਾਂ ਅੰਦਰ ਛੁੱਟੀ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਗੁਰਦਾਸਪੁਰ ਦੇ ਪ੍ਰਬੰਧਕੀ ਕੰਪਲੈਕਸ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਸੀ।
ਜਾਣਕਾਰੀ ਅਨੁਸਾਰ ਜਿੰਨ੍ਹਾਂ ਸਕੂਲਾਂ ਨੂੰ ਇਹ ਧਮਕੀ ਮਿਲੀ ਹੈ ਉਹਨ੍ਹਾਂ ਵਿੱਚ ਕਲਾਨੌਰ ਰੋਡ ਸਥਿਤ ਜੀਆ ਲਾਲ ਮਿੱਤਲ ਡੀਏਵੀ ਪਬਲਿਕ ਸਕੂਲ, ਬਹਿਰਾਮਪੁਰ ਰੋਡ ਸਥਿਤ ਗੁਰਦਾਸਪੁਰ ਪਬਲਿਕ ਸਕੂਲ, ਮਿਹਰ ਚੰਦ ਰੋਡ ਤੇ ਸਥਿਤ ਟ੍ਰਿਨਿਟੀ ਪਬਲਿਕ ਸਕੂਲ ਅਤੇ ਇੱਕ ਨਵੋਦਿਆ ਪਬਲਿਕ ਸਕੂਲ ਸ਼ਾਮਲ ਹੈ।
ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਉਨ੍ਹਾਂ ਦੇ ਘਰਾਂ ਲਈ ਰਵਾਨਾ ਕਰ ਦਿੱਤਾ ਗਿਆ। ਦੂਜੇ ਪਾਸੇ, ਮਾਮਲੇ ਦੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਅਤੇ ਬੰਬ ਨਿਰੋਧਕ ਦਸਤੇ (Bomb Disposal Squad) ਨੇ ਸਕੂਲ ਕੈਂਪਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਈ-ਮੇਲ ਦੀ ਤਕਨੀਕੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਇਹ ਧਮਕੀ ਕਿੱਥੋਂ ਅਤੇ ਕਿਸ ਨੇ ਭੇਜੀ ਹੈ। ਫਿਲਹਾਲ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਸੂਚਨਾ ਨਹੀਂ ਹੈ, ਪਰ ਸੁਰੱਖਿਆ ਦੇ ਮੱਦੇਨਜ਼ਰ ਇਲਾਕੇ ਵਿੱਚ ਨਿਗਰਾਨੀ ਵਧਾ ਦਿੱਤੀ ਗਈ ਹੈ।

