#Featured

ਗੁਰਦਾਸਪੁਰ ‘ਚ ਭਾਜਪਾ ਲਈ ਉਮੀਦਵਾਰ ਦੀ ਚੋਣ ਹੋਈ ਮੁਸ਼ਕਿਲ!

– ਫਿਲਮੀ ਸਿਤਾਰਿਆਂ ਸਹਾਰੇ 5 ਵਾਰੀ ਜਿੱਤੀ ਚੋਣ
– ਕਾਂਗਰਸ ਦੇ ਸਾਹਮਣੇ ਵੀ ਹੈ ਉਮੀਦਵਾਰ ਫਾਈਨਲ ਕਰਨ ਦੀ ਟੈਂਸ਼ਨ
– ਕਾਂਗਰਸ ਦੇ ਨਾਂ ਹਨ ਸਭ ਤੋਂ ਜ਼ਿਆਦਾ ਵਾਰ ਜਿੱਤਣ ਦਾ ਰਿਕਾਰਡ
ਲੁਧਿਆਣਾ, 27 ਮਾਰਚ (ਪੰਜਾਬ ਮੇਲ)-ਭਾਜਪਾ ਵਲੋਂ ਗੁਰਦਾਸਪੁਰ ‘ਚ ਹੁਣ ਤੱਕ 5 ਵਾਰ ਫ਼ਿਲਮੀ ਸਿਤਾਰਿਆਂ ਵਿਨੋਦ ਖੰਨਾ ਤੇ ਸੰਨੀ ਦਿਓਲ ਦੇ ਦਮ ‘ਤੇ ਜਿੱਤ ਹਾਸਲ ਕੀਤੀ ਗਈ ਹੈ ਪਰ ਇਨ੍ਹਾਂ ਦੋਵੇਂ ਸੰਸਦ ਮੈਂਬਰਾਂ ਦੇ ਹਲਕਿਆਂ ਤੇ ਸੰਸਦ ‘ਚ ਨਜ਼ਰ ਨਾ ਆਉਣ ਨੂੰ ਲੈ ਕੇ ਇਲਾਕੇ ਦੇ ਲੋਕ ਭਾਜਪਾ ਤੋਂ ਕਾਫ਼ੀ ਨਾਰਾਜ਼ ਹਨ। ਵਿਰੋਧੀਆਂ ਕੋਲ ਵੀ ਇਹੀ ਮੁੱਦਾ ਹੈ, ਜਿਸ ਦੇ ਮੱਦੇਨਜ਼ਰ ਭਾਜਪਾ ਨੂੰ ਇਸ ਵਾਰ ਫ਼ਿਲਮੀ ਸਿਤਾਰਿਆਂ ਤੋਂ ਪ੍ਰਹੇਜ਼ ਹੀ ਕਰਨਾ ਹੋਵੇਗਾ।
ਭਾਵੇਂ ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਹੋਈ ਉਪ ਚੋਣ ਦੌਰਾਨ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਗੁਰਦਾਸਪੁਰ ਤੋਂ ਕਾਂਗਰਸ ਦੇ ਐੱਮ.ਪੀ. ਰਹਿ ਚੁੱਕੇ ਹਨ ਪਰ ਉਹ ਹੁਣ ਪ੍ਰਦੇਸ਼ ਦੀ ਜ਼ਿੰਮੇਵਾਰੀ ਕਾਰਨ ਚੋਣ ਲੜਨ ਲਈ ਤਿਆਰ ਨਹੀਂ ਹਨ।
ਇਸ ਹਾਲਾਤ ‘ਚ ਭਾਜਪਾ ਵਲੋਂ ਕ੍ਰਿਕਟਰ ਯੁਵਰਾਜ ਸਿੰਘ ਦਾ ਨਾਮ ਵੀ ਗੁਰਦਾਸਪੁਰ ਤੋਂ ਚੋਣ ਲੜਨ ਲਈ ਅੱਗੇ ਕੀਤਾ ਗਿਆ ਸੀ ਪਰ ਉਨ੍ਹਾਂ ਨੇ ਪੈਰ ਪਿੱਛੇ ਖਿੱਚ ਲਏ ਹਨ। ਹੁਣ ਭਾਜਪਾ ਦੇ ਸਾਬਕਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਕਾਂਗਰਸ ਤੋਂ ਆਏ ਫਤਿਹ ਜੰਗ ਬਾਜਵਾ ਤੇ ਅਸ਼ਵਨੀ ਸੇਖੜੀ ਦਾ ਨਾਂ ਵੀ ਗੁਰਦਾਸਪੁਰ ਤੋਂ ਭਾਜਪਾ ਦੇ ਸੰਭਾਵਿਤ ਉਮੀਦਵਾਰਾਂ ਦੇ ਰੂਪ ‘ਚ ਸੁਣਨ ਨੂੰ ਮਿਲ ਰਿਹਾ ਹੈ।
ਗੁਰਦਾਸਪੁਰ ‘ਚ ਸਭ ਤੋਂ ਜ਼ਿਆਦਾ ਵਾਰ ਜਿੱਤਣ ਦਾ ਰਿਕਾਰਡ ਕਾਂਗਰਸ ਦੇ ਨਾਂ ਹੈ। ਇਨ੍ਹਾਂ ‘ਚ 1952 ਤੋਂ ਲੈ ਕੇ 1971 ਤੱਕ 6 ਵਾਰ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਵਲੋਂ ਜਿੱਤ ਦਰਜ ਕੀਤੀ ਗਈ ਤੇ ਫਿਰ ਸੁਖਬੰਸ ਕੌਰ ਭਿੰਡਰ ਨੇ 1980 ਤੋਂ ਲੈ ਕੇ 1996 ਤੱਕ 5 ਵਾਰ ਜਿੱਤਣ ਦਾ ਰਿਕਾਰਡ ਬਣਾਇਆ। ਉਨ੍ਹਾਂ ਦਾ ਰਿਕਾਰਡ 1998 ‘ਚ ਭਾਜਪਾ ਵਲੋਂ ਚੋਣ ਲੜਨ ਵਾਲੇ ਵਿਨੋਦ ਖੰਨਾ ਨੇ ਤੋੜਿਆ, ਜੋ 2004 ਤੱਕ ਲਗਾਤਾਰ 3 ਵਾਰ ਜਿੱਤੇ ਤੇ ਫਿਰ 2014 ‘ਚ ਗੁਰਦਾਸਪੁਰ ਤੋਂ ਦੋਬਾਰਾ ਐੱਮ.ਪੀ. ਬਣੇ।
ਭਾਜਪਾ ਦੀ ਤਰ੍ਹਾਂ ਕਾਂਗਰਸ ਦੇ ਸਾਹਮਣੇ ਵੀ ਗੁਰਦਾਸਪੁਰ ਤੋਂ ਉਮੀਦਵਾਰ ਫਾਈਨਲ ਕਰਨ ਦੀ ਟੈਂਸ਼ਨ ਹੈ ਕਿਉਂਕਿ ਕਾਂਗਰਸ ਦੇ ਪਿਛਲੇ 2 ਸੰਸਦ ਮੈਂਬਰਾਂ ‘ਚੋਂ ਸੁਨੀਲ ਜਾਖੜ ਭਾਜਪਾ ‘ਚ ਸ਼ਾਮਲ ਹੋ ਚੁੱਕੇ ਹਨ ਤੇ ਪ੍ਰਤਾਪ ਬਾਜਵਾ ਨੇ ਲੋਕ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸ ਦੌਰ ‘ਚ ਪਠਾਨਕੋਟ ਤੋਂ ਸਾਬਕਾ ਵਿਧਾਇਕ ਅਮਿਤ ਵਿਜ, ਗੁਰਦਾਸਪੁਰ ਤੋਂ ਵਿਧਾਇਕ ਬੀਰਇੰਦਰ ਪਾਹੜਾ ਦਾ ਨਾਂ ਚਰਚਾ ‘ਚ ਹੈ।