-ਇਸ ਤੋਂ ਬਾਅਦ ਜ਼ਮਾਨਤ ਨਹੀਂ ਵਧਾਈ ਜਾਵੇਗੀ: ਅਦਾਲਤ
ਅਹਿਮਦਾਬਾਦ, 3 ਜੁਲਾਈ (ਪੰਜਾਬ ਮੇਲ)- ਗੁਜਰਾਤ ਹਾਈ ਕੋਰਟ ਨੇ ਅੱਜ ਆਸਾਰਾਮ ਦੀ ਆਰਜ਼ੀ ਜ਼ਮਾਨਤ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ। ਅਦਾਲਤ ਨੇ ਨਾਲ ਹੀ ਸਪੱਸ਼ਟ ਕੀਤਾ ਕਿ ਇਸ ਤੋਂ ਬਾਅਦ ਜ਼ਮਾਨਤ ਵਧਾਈ ਨਹੀਂ ਜਾਵੇਗੀ। 2013 ਦੇ ਜਬਰ ਜਨਾਹ ਦੇ ਇੱਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਚੁੱਕੇ ਆਸਾਰਾਮ (86) ਮੈਡੀਕਲ ਆਧਾਰ ‘ਤੇ ਜ਼ਮਾਨਤ ‘ਤੇ ਹਨ।
ਜਸਟਿਸ ਇਲੇਸ਼ ਵੋਰਾ ਅਤੇ ਪੀ.ਐੱਮ. ਰਾਵਲ ਦੇ ਡਿਵੀਜ਼ਨ ਬੈਂਚ ਨੇ ਆਸਾਰਾਮ ਦੀ ਆਰਜ਼ੀ ਜ਼ਮਾਨਤ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ। ਅਦਾਲਤ ਵੱਲੋਂ 28 ਮਾਰਚ ਨੂੰ ਦਿੱਤੀ ਗਈ ਜ਼ਮਾਨਤ ਦੀ ਮਿਆਦ 30 ਜੂਨ ਨੂੰ ਖਤਮ ਹੋਣ ਤੋਂ ਪਹਿਲਾਂ ਅਦਾਲਤ ਨੇ ਉਸ ਵਿਚ 7 ਜੁਲਾਈ ਤੱਕ ਅੰਤਰਿਮ ਵਾਧਾ ਕੀਤਾ ਸੀ। ਅੱਜ ਸੁਣਵਾਈ ਦੌਰਾਨ ਆਸਾਰਾਮ ਦੇ ਵਕੀਲ ਨੇ ਜ਼ਮਾਨਤ ਨੂੰ ਤਿੰਨ ਮਹੀਨੇ ਹੋਰ ਵਧਾਉਣ ਦੀ ਮੰਗ ਕੀਤੀ। ਹਾਲਾਂਕਿ, ਹਾਈ ਕੋਰਟ ਨੇ ਕਿਹਾ ਕਿ ਉਹ ਸਿਰਫ ਇੱਕ ਮਹੀਨੇ ਲਈ ਜ਼ਮਾਨਤ ਵਧਾਏਗਾ ਅਤੇ ਇਹ ਅੰਤਿਮ ਵਾਧਾ ਹੋਵੇਗਾ।
ਗਾਂਧੀਨਗਰ ਦੀ ਇੱਕ ਅਦਾਲਤ ਨੇ ਜਨਵਰੀ 2023 ਵਿਚ ਆਸਾਰਾਮ ਨੂੰ ਜਬਰ ਜਨਾਹ ਦੇ ਮਾਮਲੇ ਵਿਚ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਆਸਾਰਾਮ 2013 ਵਿਚ ਰਾਜਸਥਾਨ ਵਿਚ ਆਪਣੇ ਆਸ਼ਰਮ ਵਿਚ ਇੱਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਇੱਕ ਹੋਰ ਮਾਮਲੇ ਵਿਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਗੁਜਰਾਤ ਹਾਈ ਕੋਰਟ ਵੱਲੋਂ ਆਸਾਰਾਮ ਦੀ ਆਰਜ਼ੀ ਜ਼ਮਾਨਤ ‘ਚ ਇਕ ਮਹੀਨੇ ਦਾ ਵਾਧਾ
