ਅਹਿਮਦਾਬਾਦ, 20 ਮਈ (ਪੰਜਾਬ ਮੇਲ)- ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ (ਏ.ਟੀ.ਐੱਸ.) ਨੇ ਪਾਬੰਦੀਸ਼ੁਦਾ ਜਥੇਬੰਦੀ ਇਸਲਾਮਿਕ ਸਟੇਟ (ਆਈ.ਐੱਸ.) ਨਾਲ ਸਬੰਧ ਰੱਖਣ ਵਾਲੇ ਚਾਰ ਸ੍ਰੀਲੰਕਾਈ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਕਾਰਵਾਈ ਇੱਕ ਸੂਚਨਾ ਦੇ ਆਧਾਰ ‘ਤੇ ਕੀਤੀ ਗਈ ਹੈ। ਏ.ਟੀ.ਐੱਸ. ਨੇ ਮੁਲਜ਼ਮਾਂ ਨੂੰ ਐਤਵਾਰ ਰਾਤ ਨੂੰ ਸ਼੍ਰੀਲੰਕਾ ਦੀ ਰਾਜਧਾਨੀ ਕੋਲੰਬੋ ਤੋਂ ਚੇਨਈ ਦੇ ਰਸਤੇ ਯਾਤਰਾ ਕਰਨ ਤੋਂ ਬਾਅਦ ਇੱਥੇ ਸਰਦਾਰ ਵੱਲਭਭਾਈ ਪਟੇਲ ਹਵਾਈ ਅੱਡੇ ‘ਤੇ ਗ੍ਰਿਫਤਾਰ ਕੀਤਾ। ਪੁਲਿਸ ਦੇ ਡਾਇਰੈਕਟਰ ਜਨਰਲ ਵਿਕਾਸ ਸਹਾਏ ਨੇ ਕਿਹਾ ਕਿ ਮੁਲਜ਼ਮ ਆਈ.ਐੱਸ. ਦੇ ਇਸ਼ਾਰੇ ‘ਤੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਭਾਰਤ ਆਏ ਸਨ।