#PUNJAB

ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤ ‘ਚ ਐਂਟਰੀ ‘ਤੇ ਗਿਆਨੀ ਰਘਬੀਰ ਸਿੰਘ ਵੱਲੋਂ ਇਤਰਾਜ਼ ਪ੍ਰਗਟ

ਅੰਮ੍ਰਿਤਸਰ, 18 ਅਗਸਤ (ਪੰਜਾਬ ਮੇਲ)– ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸੀ ਮੈਦਾਨ ‘ਚ ਐਂਟਰੀ ਨੂੰ ਲੈ ਕੇ ਕਾਫ਼ੀ ਚਰਚਾ ਬਣੀ ਹੋਈ ਹੈ। ਇਸ ਦੌਰਾਨ ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਤੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਿਆਸਤ ‘ਚ ਐਂਟਰੀ ਦੇ ਫੈਸਲੇ ‘ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਜੀ ਦੇ ਦਰ ਦੀ ਸੇਵਾ ਤੋਂ ਵੱਡੀ ਕੋਈ ਹੋਰ ਸੇਵਾ ਨਹੀਂ ਹੈ ਅਤੇ ਇਸ ਦਰ ਨੂੰ ਛੱਡ ਕੇ ਕਿਸੇ ਹੋਰ ਦੀ ਚਾਕਰੀ ‘ਚ ਜਾਣਾ ਸਹੀ ਨਹੀਂ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਦੇ ਦਰ ਦੀ ਮਹੱਤਤਾ ਬੇਮਿਸਾਲ ਹੈ ਅਤੇ ਗੁਰੂ ਦੇ ਦਰ ਨੂੰ ਛੱਡ ਕੇ ਸਿਆਸਤ ‘ਚ ਜਾਣ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਇਕ ਜਥੇਦਾਰ ਦੀ ਪਦਵੀ ਪ੍ਰਧਾਨਗੀ ਦੀ ਪਦਵੀ ਨਾਲੋਂ ਬਹੁਤ ਵੱਡੀ ਹੈ, ਜਿਸ ਨੂੰ ਮਾਨਤਾ ਦਿੰਦੇ ਹੋਏ ਗਿਆਨੀ ਹਰਪ੍ਰੀਤ ਸਿੰਘ ਨੂੰ ਇਹ ਕਦਮ ਨਹੀਂ ਚੁੱਕਣਾ ਚਾਹੀਦਾ ਸੀ। ਇੱਥੇ ਦੱਸ ਦੇਈਏ ਕਿ ਗਿਆਨੀ ਹਰਪ੍ਰੀਤ ਸਿੰਘ ਸ਼੍ਰੋਮਣੀ ਅਕਾਲੀ ਦਲ (ਬਾਗੀ) ਦੇ ਪ੍ਰਧਾਨ ਨਵੇਂ ਪ੍ਰਧਾਨ ਬਣੇ ਹਨ।
ਇਸ ਦੇ ਨਾਲ ਹੀ ਗਿਆਨੀ ਰਘਬੀਰ ਸਿੰਘ ਨੇ ਲਾਲ ਕਿਲ੍ਹੇ ‘ਤੇ ਹੋ ਰਹੇ ਸਮਾਗਮ ‘ਚ ਵਿਸ਼ੇਸ਼ ਸੱਦੇ ‘ਤੇ ਗਏ ਅੰਮ੍ਰਿਤਧਾਰੀ ਗੁਰਸਿੱਖ ਸਰਪੰਚ ਗੁਰਧਿਆਨ ਸਿੰਘ ਨੂੰ ਕਿਰਪਾਨ ਕਾਰਨ ਦਾਖਲ ਹੋਣ ਤੋਂ ਰੋਕਣ ‘ਤੇ ਵੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਅਫਸੋਸ ਦੀ ਗੱਲ ਹੈ ਕਿ ਆਜ਼ਾਦੀ ਤੋਂ ਬਾਅਦ ਵੀ ਸਿੱਖਾਂ ਨਾਲ ਅਜਿਹਾ ਵਿਤਕਰਾ ਹੋ ਰਿਹਾ ਹੈ। ਉਨ੍ਹਾਂ ਨੂੰ ਲਾਲ ਕਿਲ੍ਹੇ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਕਿਉਂਕਿ ਉਨ੍ਹਾਂ ਨੇ ਕਿਰਪਾਨ ਪਹਿਨੀ ਹੋਈ ਸੀ, ਜੋ ਕਿ ਸਾਡਾ ਧਾਰਮਿਕ ਚਿੰਨ੍ਹ ਹੈ। ਅਸੀਂ ਹਮੇਸ਼ਾ ਕਹਿੰਦੇ ਰਹੇ ਹਾਂ ਕਿ ਸਿੱਖਾਂ ਨਾਲ ਇਹ ਵਿਤਕਰਾ ਆਜ਼ਾਦੀ ਤੋਂ ਬਾਅਦ ਵੀ ਜਾਰੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਸਿੱਖ ਗੁਰੂਆਂ ਅਤੇ ਪ੍ਰਮੁੱਖ ਸ਼ਖਸੀਅਤਾਂ ਬਾਰੇ ਸੋਸ਼ਲ ਮੀਡੀਆ ‘ਤੇ ਵੱਡੀ ਗਿਣਤੀ ਵਿਚ ਏ.ਆਈ. ਵੀਡੀਓ ਅਤੇ ਫੋਟੋਆਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ। ਹਾਲ ਹੀ ਵਿਚ ਇਕ ਏ.ਆਈ. ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਕੀਤੀ ਗਈ ਸੀ, ਜਿਸ ਵਿਚ ਹਰਿਮੰਦਰ ਸਾਹਿਬ ਨੂੰ ਢਾਹਿਆ ਦਿਖਾਇਆ ਗਿਆ ਸੀ, ਜੋ ਕਿ ਬਹੁਤ ਮੰਦਭਾਗਾ ਹੈ। ਇਸ ਲਈ, ਅਸੀਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਇੱਕ ਸ਼ਿਕਾਇਤ ਵੀ ਦਰਜ ਕਰਵਾਈ ਹੈ, ਜਿਸ ਵਿਚ ਅਜਿਹੇ ਏ.ਆਈ ਵੀਡੀਓ ਬਣਾਉਣ ਵਾਲਿਆਂ ਵਿਰੁੱਧ ਢੁੱਕਵੀਂ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੁਆਰਾ ਸਿਰ ਢੱਕਣ ਲਈ ਰੁਮਾਲ, ਹਰਿਮੰਦਰ ਸਾਹਿਬ ਦੇ ਸਾਰੇ ਦਰਵਾਜ਼ਿਆਂ ‘ਤੇ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਖੰਡੇ ਦੇ ਚਿੰਨ੍ਹ ਵਾਲੇ ਰੁਮਾਲ ਨਾ ਬਣਾਉਣ ਕਿਉਂਕਿ ਮੱਥਾ ਟੇਕਣ ਤੋਂ ਬਾਅਦ ਲੋਕ ਅਕਸਰ ਇਨ੍ਹਾਂ ਰੁਮਾਲਾਂ ਨੂੰ ਸੜਕਾਂ ‘ਤੇ ਸੁੱਟ ਦਿੰਦੇ ਹਨ, ਜੋ ਸਿੱਖ ਧਾਰਮਿਕ ਚਿੰਨ੍ਹ ਦਾ ਨਿਰਾਦਰ ਕਰਦਾ ਹੈ।
ਉਨ੍ਹਾਂ ਕਿਹਾ ਇਹ ਪਤਾ ਲੱਗਾ ਹੈ ਕਿ ਕੁਝ ਦੁਕਾਨਦਾਰ ਸ਼ਰਧਾਲੂਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਦੇ ਹਨ ਕਿ ਜੇਕਰ ਉਹ ਰੁਮਾਲਾ ਸਾਹਿਬ ਨਹੀਂ ਚੜ੍ਹਾਉਂਦੇ, ਤਾਂ ਉਨ੍ਹਾਂ ਦੀ ਯਾਤਰਾ ਪੂਰੀ ਨਹੀਂ ਹੋਵੇਗੀ। ਅਸੀਂ ਸ਼ਰਧਾਲੂਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਉਹ ਹਰਿਮੰਦਰ ਸਾਹਿਬ ਆਉਂਦੇ ਹਨ, ਤਾਂ ਉਨ੍ਹਾਂ ਦੀ ਯਾਤਰਾ ਪੂਰੀ ਮੰਨੀ ਜਾਂਦੀ ਹੈ। ਉਨ੍ਹਾਂ ਨੂੰ ਇਸ ਮਕਸਦ ਲਈ ਰੁਮਾਲਾ ਸਾਹਿਬ ਚੜ੍ਹਾਉਣ ਦੀ ਜ਼ਰੂਰਤ ਨਹੀਂ ਹੈ।