– ਸਿੱਖ ਜਗਤ ਵੱਲੋਂ ਕੀਤੀ ਜਾ ਰਹੀ ਆਲੋਚਨਾ ਮਗਰੋਂ ਲਿਆ ਫ਼ੈਸਲਾ
– ਅਹੁਦੇ ਤੇ ਰੁਤਬੇ ਨੂੰ ਢਾਹ ਲੱਗਣ ਦਾ ਜਤਾਇਆ ਸੀ ਖ਼ਦਸ਼ਾ
ਅੰਮ੍ਰਿਤਸਰ, 1 ਜੁਲਾਈ (ਪੰਜਾਬ ਮੇਲ)- ਪੰਥਕ ਸੰਸਥਾਵਾਂ ਦੇ ਦਬਾਅ ਅਤੇ ਆਲੋਚਨਾ ਮਗਰੋਂ ਅਕਾਲ ਤਖਤ ਦੇ ਸਾਬਕਾ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖ਼ਿਲਾਫ਼ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਕੀਤੀ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਪਟੀਸ਼ਨ ਰਾਹੀਂ ਉਨ੍ਹਾਂ ਖਦਸ਼ਾ ਪ੍ਰਗਟਾਇਆ ਸੀ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਦੇ ਅਹੁਦੇ ਅਤੇ ਰੁਤਬੇ ਨੂੰ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ, ਜਿਸ ਵਾਸਤੇ ਉਨ੍ਹਾਂ ਅਗਾਊਂ ਕਾਰਵਾਈ ਦੀ ਅਪੀਲ ਕੀਤੀ ਸੀ। ਇਸ ਦਾ ਖੁਲਾਸਾ ਹੋਣ ਮਗਰੋਂ ਸਿੱਖ ਜਗਤ ਵੱਲੋਂ ਉਨ੍ਹਾਂ ਦੀ ਇਹ ਕਹਿ ਕੇ ਆਲੋਚਨਾ ਕੀਤੀ ਜਾ ਰਹੀ ਸੀ ਕਿ ਅਕਾਲ ਤਖਤ ਦੇ ਜਥੇਦਾਰ ਦੇ ਅਹੁਦੇ ‘ਤੇ ਰਹੇ ਵਿਅਕਤੀ ਵੱਲੋਂ ਦੁਨਿਆਵੀ ਅਦਾਲਤ ਦਾ ਆਸਰਾ ਲਿਆ ਜਾ ਰਿਹਾ ਹੈ।
ਇਸ ਮਾਮਲੇ ਵਿਚ ਉਨ੍ਹਾਂ ਆਪਣੀ ਪਟੀਸ਼ਨ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਜਾਰੀ ਕੀਤੇ ਵੀਡੀਓ ਸੁਨੇਹੇ ਰਾਹੀਂ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਅਕਾਲ ਤਖਤ ਦੇ ਜਥੇਦਾਰ ਅਤੇ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ‘ਤੇ ਰਹਿੰਦਿਆਂ ਆਪਣੇ ਇਸ ਅਹੁਦੇ ਤੇ ਮਾਣ-ਸਨਮਾਨ ਨੂੰ ਕਾਇਮ ਰੱਖਣ ਲਈ ਹਰ ਸੰਭਵ ਯਤਨ ਕੀਤਾ ਹੈ। ਉਨ੍ਹਾਂ ਕਦੇ ਵੀ ਇਨ੍ਹਾਂ ਅਹੁਦਿਆਂ ਅਤੇ ਸੰਸਥਾਵਾਂ ਦੇ ਮਾਣ-ਸਨਮਾਨ ਨੂੰ ਢਾਹ ਲਾਉਣ ਬਾਰੇ ਨਹੀਂ ਸੋਚਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਉਨ੍ਹਾਂ ਇਹ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਸਿੱਖ ਸੰਸਥਾਵਾਂ ਤੇ ਅਹਿਮ ਅਹੁਦਿਆਂ ਦੇ ਮਾਣ-ਸਨਮਾਨ ਨੂੰ ਬਚਾਉਣਾ ਹੁਣ ਸਿੱਖ ਜਗਤ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਪਟੀਸ਼ਨ ਵਿਚਲੇ ਵੇਰਵੇ ਸਾਂਝੇ ਨਹੀਂ ਕੀਤੇ ਪਰ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਪਟੀਸ਼ਨ ਵਿਚ ਖਦਸ਼ਾ ਜ਼ਾਹਿਰ ਕੀਤਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਨ੍ਹਾਂ ਨੂੰ ਇਸ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਅਤੇ ਕਿਸੇ ਹੋਰ ਥਾਂ ਤਬਦੀਲ ਕੀਤਾ ਜਾ ਸਕਦਾ ਹੈ। ਇਸ ਦੌਰਾਨ ਗਿਆਨੀ ਰਘਬੀਰ ਸਿੰਘ ਵੱਲੋਂ ਪਟੀਸ਼ਨ ਵਾਪਿਸ ਲੈਣ ਦੇ ਫ਼ੈਸਲੇ ਦਾ ਦਲ ਖ਼ਾਲਸਾ ਨੇ ਸੁਆਗਤ ਕੀਤਾ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਚਾਹੀਦਾ ਹੈ ਕਿ ਉਹ ਸਿੰਘ ਸਾਹਿਬਾਨ ਦੇ ਤੌਖਲਿਆਂ ਦਾ ਸਨਮਾਨਯੋਗ ਤਰੀਕੇ ਨਾਲ ਨਿਬੇੜਾ ਕਰਨ।
ਗਿਆਨੀ ਰਘਬੀਰ ਸਿੰਘ ਵੱਲੋਂ ਸ਼੍ਰੋਮਣੀ ਕਮੇਟੀ ਖ਼ਿਲਾਫ਼ ਕੀਤੀ ਪਟੀਸ਼ਨ ਵਾਪਸ ਲੈਣ ਦਾ ਐਲਾਨ
