#PUNJAB

ਗ਼ਮਗੀਨ ਮਾਹੌਲ ‘ਚ ਹੋਇਆ ਸ਼ੁਭਕਰਨ ਦਾ ਸਸਕਾਰ

-ਅੰਤਿਮ ਰਸਮਾਂ ‘ਚ ਕਿਸਾਨ ਆਗੂ, ਰਾਜਸੀ ਤੇ ਧਾਰਮਿਕ ਖੇਤਰ ਦੀਆਂ ਸ਼ਖ਼ਸੀਅਤਾਂ ਹੋਈਆਂ ਸ਼ਾਮਲ
ਚਾਉਕੇ, 1 ਮਾਰਚ (ਪੰਜਾਬ ਮੇਲ)- ਕਿਸਾਨੀ ਸੰਘਰਸ਼ ਦੌਰਾਨ ਖਨੌਰੀ ਬਾਰਡਰ ‘ਤੇ 21 ਫਰਵਰੀ ਨੂੰ ਜਾਨ ਗਵਾਉਣ ਵਾਲੇ ਨੌਜਵਾਨ ਸ਼ੁਭਕਰਨ ਸਿੰਘ ਦਾ ਪਿੰਡ ਬੱਲ੍ਹੋ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋਂ ਕਿਸਾਨ ਆਗੂਆਂ ਦੀਆਂ ਮੰਗਾ ਮੰਨੇ ਜਾਣ ਤੋਂ ਬਾਅਦ ਮ੍ਰਿਤਕ ਦੇਹ ਪਟਿਆਲਾ ਤੋਂ ਵੱਡੇ ਕਾਫਲੇ ਦੇ ਰੂਪ ਵਿਚ ਪਿੰਡ ਬੱਲ੍ਹੋ ਸਥਿਤ ਕਿਸਾਨ ਦੇ ਘਰ ਲਿਆਂਦੀ ਗਈ, ਜਿੱਥੇ ਪਹਿਲਾਂ ਹੀ ਵੱਡੀ ਗਿਣਤੀ ਵਿਚ ਲੋਕ ਪੁੱਜੇ ਹੋਏ ਸਨ। ਇਨ੍ਹਾਂ ਵਿਚ ਸਮਾਜ ਸੇਵੀ, ਕਿਸਾਨ ਜਥੇਬੰਦੀਆਂ ਦੇ ਆਗੂ ਤੇ ਸਿਆਸੀ ਆਗੂ ਵੀ ਸ਼ਾਮਲ ਸਨ। ਪੰਜਾਬ ਸਰਕਾਰ ਵੱਲੋਂ ਸ਼ੁਭਕਰਨ ਦੀ ਭੈਣ ਨੂੰ ਪੁਲਿਸ ‘ਚ ਨੌਕਰੀ ਦਿੱਤੀ ਜਾਵੇਗੀ।
ਬੀ.ਕੇ.ਯੂ. ਸਿੱਧੂਪੁਰ ਦੇ ਸੀਨੀਅਰ ਆਗੂ ਕਾਕਾ ਸਿੰਘ ਕੋਟੜਾ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਮੰਗਾਂ ਰੱਖੀਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਅਤੇ ਇੱਕ ਸਰਕਾਰੀ ਨੌਕਰੀ ਦੇਣ ਦੀ ਮੰਗ ਤਾਂ ਪਹਿਲਾਂ ਹੀ ਮੰਨ ਲਈ ਸੀ ਪਰ ਕਿਸਾਨਾਂ ‘ਤੇ ਗੋਲੀ ਚਲਾਉਣ ਵਾਲਿਆਂ ਖਿਲਾਫ਼ ਬਣਦੀ ਕਾਰਵਾਈ ਨਾ ਕੀਤੇ ਜਾਣ ਕਰਕੇ ਕਿਸਾਨਾਂ ਵੱਲੋਂ ਰਾਮਪੁਰਾ ਫੂਲ ਵਿਚ ਮੁੱਖ ਮਾਰਗ ‘ਤੇ ਜਾਮ ਲਗਾ ਕੇ ਧਰਨਾ ਦਿੱਤਾ ਜਾ ਰਿਹਾ ਸੀ। ਪ੍ਰਸ਼ਾਸਨ ਵੱਲੋਂ ਮੁਲਜ਼ਮਾਂ ਖਿਲਾਫ਼ ਐੱਫ.ਆਈ.ਆਰ. ਦਰਜ ਕੀਤੇ ਜਾਣ ਮਗਰੋਂ ਮ੍ਰਿਤਕ ਸ਼ੁਭਕਰਨ ਦੀ ਦੇਹ ਪੋਸਟ ਮਾਰਟਮ ਉਪਰੰਤ ਅੰਤਿਮ ਰਸਮਾਂ ਲਈ ਪਿੰਡ ਬੱਲ੍ਹੋ ਭੇਜ ਦਿੱਤੀ ਗਈ। ਸ਼ੁਭਕਰਨ ਦੇ ਸਸਕਾਰ ਮੌਕੇ ਕਿਸਾਨਾਂ ਨੇ ‘ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰੇ ਲਗਾਏ ਤੇ ਇਸ ਦੌਰਾਨ ਮਾਹੌਲ ਕਾਫ਼ੀ ਗ਼ਮਗੀਨ ਹੋ ਗਿਆ। ਸਸਕਾਰ ਦੀਆਂ ਸਾਰੀਆਂ ਰਸਮਾਂ ਸ਼ੁਭਕਰਨ ਦੇ ਪਿਤਾ ਵੱਲੋਂ ਨਿਭਾਈਆਂ ਗਈਆਂ। ਪਿੰਡ ਵਾਸੀ ਤੇ ਕਿਸਾਨ ਆਗੂ ਬੂਟਾ ਸਿੰਘ, ਗੁਰਪ੍ਰੀਤ ਸਿੰਘ ਅਤੇ ਨੰਬਰਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼ੁਭਕਰਨ ਸਿੰਘ ਸੰਗਾਊ ਸੁਭਾਅ ਵਾਲਾ ਸੀ ਤੇ ਉਸ ਕੋਲ ਢਾਈ ਏਕੜ ਜ਼ਮੀਨ ਸੀ। ਉਨ੍ਹਾਂ ਦੱਸਿਆ ਉਸ ਨੇ ਪੜ੍ਹਾਈ ਅੱਧ ਵਿਚਾਲੇ ਛੱਡ ਕੇ ਖੇਤੀ ਕਰਨ ਨੂੰ ਤਰਜੀਹ ਦਿੱਤੀ। ਸਸਕਾਰ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਂਗਰਸੀ ਆਗੂ ਤੇ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ, ਬੀ.ਕੇ.ਯੂ. ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ, ਬੀ.ਕੇ.ਯੂ. ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਕਿਸਾਨ ਮਜ਼ਦੂਰ ਏਕਤਾ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ, ਬੀ.ਕੇ.ਯੂ. ਕ੍ਰਾਂਤੀਕਾਰੀ ਤੋਂ ਸੁਰਜੀਤ ਸਿੰਘ ਫੂਲ, ਬੀ.ਕੇ.ਯੂ. ਡਕੌਂਦਾ ਤੋਂ ਗੁਰਦੀਪ ਸਿੰਘ, ਹਰਦੇਵ ਸਿੰਘ ਅਰਸ਼ੀ, ਬਾਪੂ ਬਲਕੌਰ ਸਿੰਘ, ਅਕਾਲੀ (ਅ) ਦੇ ਪਰਮਿੰਦਰ ਸਿੰਘ, ਸਮਾਜ ਸੇਵੀ ਲੱਖਾ ਸਿਧਾਣਾ, ਰਾਜੂ ਢੱਡੇ ਹਾਜ਼ਰ ਸਨ।