#AMERICA

ਗਰੀਨ ਕਾਰਡ ਲੈਣ ਲਈ ਫਰਜ਼ੀ ਵਿਆਹ ਦੇ ਮਾਮਲੇ ਵਿਚ ਭਾਰਤੀ ਨੇ ਦੋਸ਼ ਮੰਨਿਆ, ਹੋ ਸਕਦੀ ਹੈ ਵਤਨ ਵਾਪਸੀ

ਸੈਕਰਾਮੈਂਟੋ,ਕੈਲੀਫੋਰਨੀਆ, 6 ਜੂਨ  (ਹੁਸਨ ਲੜੋਆ ਬੰਗਾ/ਪੰਜਾਬ ਮੇਲ) – ਪੱਛਮੀ ਵਿਰਜੀਨੀਆ ਦੇ ਰੋਂਸਵਰਟ ਸ਼ਹਿਰ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿੰਦੇ ਇਕ ਭਾਰਤੀ ਨੇ ਮੰਨਿਆ ਹੈ ਕਿ ਉਸ ਨੇ ਅਮਰੀਕਾ ਵਿਚ ਟਿਕੇ ਰਹਿਣ ਲਈ ਫਰਜ਼ੀ ਵਿਆਹ ਕਰਵਾਇਆ ਸੀ। 29 ਸਾਲਾ ਅਕਾਸ਼ ਪ੍ਰਕਾਸ਼ ਮਕਵਾਨਾ ਨੂੰ ਸਜ਼ਾ 26 ਸਤੰਬਰ 2025 ਨੂੰ ਸੁਣਾਈ ਜਾਵੇਗੀ। ਉਸ ਨੂੰ ਕੈਦ ਤੇ ਜੁਰਮਾਨੇ ਤੋਂ ਇਲਾਵਾ ਦੇਸ਼ ਨਿਕਾਲੇ ਦੀ ਸਜ਼ਾ ਹੋ ਸਕਦੀ ਹੈ। ਮਕਵਾਨਾ ਜੇ-1 ਵੀਜੇ ‘ਤੇ ਨਵੰਬਰ 2019 ਵਿਚ ਅਮਰੀਕਾ ਆਇਆ ਸੀ ਤੇ ਉਸ ਦਾ ਵੀਜ਼ਾ 2020 ਵਿਚ ਖਤਮ ਹੋ ਗਿਆ ਸੀ ਪਰੰਤੂ ਉਹ ਗੈਰ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਹੀ ਟਿਕਿਆ ਰਿਹਾ। ਅਗਸਤ 2021 ਵਿਚ ਮਕਵਾਨਾ ਨੇ ਗਰੀਨ ਕਾਰਡ ਲੈਣ ਦੇ ਮਕਸਦ ਨਾਲ ਇਕ ਅਮਰੀਕਨ ਨਾਗਰਿਕ ਔਰਤ ਨਾਲ ਫਰਜ਼ੀ ਵਿਆਹ ਕਰਵਾਇਆ ਤੇ ਇਸ ਬਦਲੇ ਉਸ ਨੇ ਔਰਤ ਨੂੰ 10 ਹਜਾਰ ਡਾਲਰ ਦੇਣ ਦਾ ਵਾਅਦਾ ਕੀਤਾ। ਦੋਨਾਂ ਨੇ 3 ਸਤੰਬਰ 2021 ਨੂੰ ਵਿਆਹ ਕਰਵਾਇਆ। ਜਦੋਂ ਫਰਜ਼ੀ ਵਿਆਹ ਦੀ ਯੋਜਨਾ ਕੰਮ ਨਾ ਆਈ ਤਾਂ ਉਸ ਨੇ ਯੂ ਐੇਸ ਇਮੀਗ੍ਰ੍ਰੇਸ਼ਨ ਵਿਭਾਗ ਵਿੱਚ ਇਕ ਪਟੀਸ਼ਨ ਦਾਇਰ ਕੀਤੀ ਜਿਸ ਵਿਚ ਉਸ ਨੇ ਦਾਅਵਾ ਕੀਤਾ ਕਿ ਉਸ ਦੀ ਅਮਰੀਕੀ ਨਾਗਰਿਕ ਪਤਨੀ ਨੇ ਉਸ ਨਾਲ ਧੋਖਾ ਕੀਤਾ ਹੈ। ਪਰੰਤੂ ਮਕਵਾਨਾ ਆਪਣਾ ਦਾਅਵਾ ਸਾਬਤ ਕਰਨ ਵਿੱਚ ਨਾਕਾਮ ਰਿਹਾ ਤੇ ਉਸ  ਨੇ ਮੰਨਿਆ ਕਿ ਉਸ ਨੇ ਝੂਠ ਬੋਲਿਆ ਹੈ। ਇਸ ਮਾਮਲੇ ਵਿਚ ਸ਼ਾਮਿਲ ਫੇਅਰਬਰੀ, ਇਲੀਨੋਇਸ ਵਾਸੀ ਅਮਰੀਕੀ ਨਾਗਰਿਕ 28 ਸਾਲਾ ਔਰਤ ਕੈਲੀ ਐਨ ਹਫ ਤੇ ਉਸ ਦੇ ਦਿਓਰ ਜੋਸਫ ਸਾਂਚੇਜ਼ (33) ਨੂੰ 30 ਮਈ ਨੂੰ ਸਜ਼ਾ ਸੁਣਾਈ ਜਾਵੇਗੀ।