* ਮਾਮਲੇ ਦੇ ਹੱਲ ਲਈ ਸਾਂਝਾ ਕਾਰਜਕਾਰੀ ਸਮੂਹ ਬਣਾਉਣ ‘ਤੇ ਸਹਿਮਤੀ ਬਣੀ
ਸੈਕਰਾਮੈਂਟੋ, 17 ਜਨਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਨੂੰ ਗਰੀਨਲੈਂਡ ਉਪਰ ਕੰਟਰੋਲ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ ਹੈ ਕਿਉਂਕਿ ਕੌਮੀ ਸੁਰੱਖਿਆ ਲਈ ਇਸ ਖੇਤਰ ਦੀ ਲੋੜ ਹੈ ਤੇ ਇਸ ਨਾਲ ਨਾਟੋ ਵੀ ਮਜ਼ਬੂਤ ਹੋ ਸਕਦਾ ਹੈ। ਟਰੰਪ ਨੇ ਟਰੁੱਥ ਸ਼ੋਸਲ ਮੀਡੀਆ ਉਪਰ ਲਿਖਿਆ ਕਿ ਗਰੀਨਲੈਂਡ ਅਮਰੀਕਾ ਦੇ ਹੱਥਾਂ ਵਿਚ ਆਉਣ ‘ਤੇ ਨਾਟੋ ਵਧੇਰੇ ਪ੍ਰਭਾਵੀ ਬਣ ਜਾਵੇਗਾ। ਰਾਸ਼ਟਰਪਤੀ ਦਾ ਇਹ ਬਿਆਨ ਵਾਈਟ ਹਾਊਸ ਵਿਚ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਤੇ ਦੈਨਿਸ਼ ਵਿਦੇਸ਼ ਮੰਤਰੀ ਲਾਰਸ ਲੋਕੇ ਰਸਮੂਸੇਨ ਵਿਚਾਲੇ ਹੋਈ ਮੀਟਿੰਗ ਤੋਂ ਪਹਿਲਾਂ ਆਇਆ, ਜੋ ਮੀਟਿੰਗ ਬਿਨਾਂ ਕਿਸੇ ਠੋਸ ਸਿੱਟੇ ਦੇ ਖਤਮ ਹੋ ਗਈ। ਇਸ ਮੀਟਿੰਗ ਵਿਚ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਮੌਜੂਦ ਰਹੇ। ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਦੈਨਿਸ਼ ਵਿਦੇਸ਼ ਮੰਤਰੀ ਰਸਮੂਸੇਨ ਨੇ ਕਿਹਾ ਕਿ ਉਹ ਤੇ ਉਸ ਦੇ ਗਰੀਨਲੈਂਡ ਸਾਥੀ ਦੀ ਰੂਬੀਓ ਤੇ ਵੈਂਸ ਨਾਲ ਉਸਾਰੂ ਗੱਲਬਾਤ ਹੋਈ ਪਰੰਤੂ ਦੋਨੋਂ ਧਿਰਾਂ ਆਪਣੀ-ਆਪਣੀ ਗੱਲ ‘ਤੇ ਅੜੀਆਂ ਰਹੀਆਂ ਤੇ ਮਤਭੇਦ ਕਾਇਮ ਰਹੇ। ਉਨ੍ਹਾਂ ਕਿਹਾ ਕਿ ਦੋਨੋਂ ਧਿਰਾਂ ਇਕ ਉੱਚ ਪੱਧਰੀ ਕਾਰਜਕਾਰੀ ਗਰੁੱਪ ਬਣਾਉਣ ਲਈ ਰਾਜੀ ਹੋਈਆਂ ਹਨ, ਜੋ ਇਹ ਜਾਣਨ ਦੀ ਕੋਸ਼ਿਸ਼ ਕਰੇਗਾ ਕਿ ਕੀ ਅੱਗੇ ਵਧਣ ਲਈ ਸਾਂਝਾ ਰਾਹ ਕੱਢਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਦੀ ਚਿੰਤਾ ਦੇ ਮੱਦੇਨਜ਼ਰ ਕੋਈ ਵਿਚਕਾਰਲਾ ਰਸਤਾ ਕੱਢਣ ਲਈ ਉੱਚ ਪੱਧਰੀ ਵਿਚਾਰ-ਵਟਾਂਦਰੇ ਵਾਸਤੇ ਸਹਿਮਤੀ ਬਣੀ ਹੈ। ਇਸ ਦੇ ਨਾਲ ਹੀ ਇਹ ਵੀ ਵਿਸ਼ਵਾਸ ਪ੍ਰਗਟਾਇਆ ਗਿਆ ਕਿ ਡੈਨਮਾਰਕ ਦੀਆਂ ਹੱਦਾਂ ਦਾ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡੈਨਮਾਰਕ ਦਾ ਵਿਸ਼ਵਾਸ ਹੈ ਕਿ ਲੰਬੇ ਸਮੇਂ ਲਈ ਸੁਰੱਖਿਆ ਮੌਜੂਦਾ ਢਾਂਚੇ ਵਿਚ ਯਕੀਨੀ ਬਣਾਈ ਜਾ ਸਕਦੀ ਹੈ।
ਗਰੀਨਲੈਂਡ ‘ਤੇ ਕੰਟਰੋਲ ਤੋਂ ਬਿਨਾਂ ਕੁਝ ਵੀ ਪ੍ਰਵਾਨ ਨਹੀਂ : ਟਰੰਪ

