ਖੰਨਾ, 20 ਮਾਰਚ (ਪੰਜਾਬ ਮੇਲ)- ਖੰਨਾ ਪੁਲਿਸ ਨੇ ਅਮਰੀਕਾ ਬੈਠੇ ਗੈਂਗਸਟਰ ਲਵਜੀਤ ਕੰਗ ਦੇ ਇਕ ਸਾਥੀ ਨੂੰ ਗ੍ਰਿਫਤਾਰ ਕੀਤਾ, ਜਿਸ ਕੋਲੋਂ ਤਿੰਨ ਨਜਾਇਜ਼ ਹਥਿਆਰ ਮਿਲੇ ਹਨ। ਗੈਂਗਸਟਰ ਕੋਲੋਂ 32 ਬੋਰ ਦੇ ਤਿੰਨ ਪਿਸਤੌਲਾਂ ਦੇ ਨਾਲ ਮੈਗਜ਼ੀਨ ਵੀ ਬਰਾਮਦ ਹੋਏ ਹਨ। ਮਿਲੀ ਜਾਣਕਾਰੀ ਮੁਤਾਬਕ ਗ੍ਰਿਫ਼ਤਾਰ ਕੀਤਾ ਗਿਆ ਗੈਂਗਸਟਰ ਮਨਪ੍ਰੀਤ ਸਿੰਘ ਫਾਜ਼ਿਲਕਾ ਦਾ ਰਹਿਣ ਵਾਲਾ ਹੈ ਅਤੇ ਅਮਰੀਕਾ ਬੈਠੇ ਗੈਂਗਸਟਰ ਮਨੀ ਕੰਗ ਦੇ ਸਾਥੀਆਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਸੀ। ਉਕਤ ਖ਼ਿਲਾਫ ਦਿੱਲੀ ਅਤੇ ਰਾਜਸਥਾਨ ਵਿਖੇ ਵੀ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ।
ਐੱਸ.ਐੱਸ.ਪੀ. ਅਮਨੀਤ ਕੌਂਡਲ ਨੇ ਦੱਸਿਆ ਕਿ ਐੱਸ.ਪੀ (ਆਈ) ਡਾ. ਪ੍ਰਗਿਆ ਜੈਨ ਦੀ ਅਗਵਾਈ ਹੇਠ ਸੀ.ਆਈ.ਏ. ਸਟਾਫ ਦੀ ਟੀਮ ਨੇ ਅਮਰੀਕਾ ’ਚ ਬੈਠੇ ਗੈਂਗਸਟਰ ਲਵਜੀਤ ਸਿੰਘ ਕੰਗ ਦੇ ਮਡਿਊਲ ਦਾ ਪਰਦਾਫਾਸ਼ ਕੀਤਾ ਸੀ। ਇਸ ਮਡਿਊਲ ਦੇ 6 ਮੈਂਬਰਾਂ ਨੂੰ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਸੀ। ਇਕ ਮੈਂਬਰ ਕਮਲਜੀਤ ਸਿੰਘ ਕੈਮ ਨੇ ਆਪਣੀ ਪੁੱਛਗਿੱਛ ਦੌਰਾਨ ਮੰਨਿਆ ਸੀ ਕਿ ਮਨਪ੍ਰੀਤ ਸਿੰਘ ਮਨੀ ਲਵਜੀਤ ਕੰਗ ਦੇ ਸੰਪਰਕ ’ਚ ਹੈ ਅਤੇ ਦੇਰ ਰਾਤ 2 ਵਜੇ ਤੋਂ ਸਵੇਰ ਦੇ 5 ਵਜੇ ਦੇ ਸਮੇਂ ਦਰਮਿਆਨ ਐਕਟਿਵ ਰਹਿ ਕੇ ਨਜਾਇਜ਼ ਹਥਿਆਰ ਸਪਲਾਈ ਕਰਦਾ ਹੈ। ਇਸ ਉਪਰੰਤ ਮਨਪ੍ਰੀਤ ਮਨੀ ਨੂੰ ਮਾਮਲੇ ’ਚ ਨਾਮਜ਼ਦ ਕਰਕੇ ਉਸਨੂੰ 3 ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਗਿਆ।
ਐੱਸ.ਐੱਸ.ਪੀ. ਨੇ ਦੱਸਿਆ ਕਿ ਮਨਪ੍ਰੀਤ ਮਨੀ ਖ਼ਿਲਾਫ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਥਾਣਾ ਰਿੰਗਸ ਅਤੇ ਦਿੱਲੀ ਦੇ ਥਾਣਾ ਜਨਕਪੁਰੀ ਵਿਖੇ ਵੀ ਨਜਾਇਜ਼ ਹਥਿਆਰ ਸਪਲਾਈ ਕਰਨ ਦੇ ਮੁਕੱਦਮੇ ਦਰਜ ਹਨ। ਖੰਨਾ ਪੁਲਿਸ ਨੇ ਹੁਣ ਤੱਕ ਇਸ ਮਾਮਲੇ ’ਚ ਕੁੱਲ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 16 ਨਜਾਇਜ਼ ਹਥਿਆਰ, 16 ਮੈਗਜ਼ੀਨ ਅਤੇ 3 ਜ਼ਿੰਦਾ ਰੌਂਦ ਬਰਾਮਦ ਕੀਤੇ ਹਨ। ਮੁੱਖ ਦੋਸ਼ੀ ਲਵਜੀਤ ਸਿੰਘ ਕੰਗ ਖ਼ਿਲਾਫ ਬਣਦੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।