ਇਸਲਾਮਾਬਾਦ, 14 ਸਤੰਬਰ (ਪੰਜਾਬ ਮੇਲ)- ਪਾਕਿਸਤਾਨ ਦੀ ਵਿਸ਼ੇਸ਼ ਅਦਾਲਤ ਨੇ ਸਰਕਾਰੀ ਖ਼ੁਫੀਆ ਦਸਤਾਵੇਜ਼ ਲੀਕ ਮਾਮਲੇ ਵਿੱਚ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਨਿਆਂਇਕ ਹਿਰਾਸਤ 26 ਸਤੰਬਰ ਤੱਕ ਵਧਾ ਦਿੱਤੀ ਹੈ। ਅਧਿਕਾਰਿਤ ਖੁਫ਼ੀਆ ਕਾਨੂੰਨ 1923 ਨਾਲ ਸਬੰਧਤ ਮਾਮਲਿਆਂ ਦੀ ਸੁਣਵਾਈ ਲਈ ਬਣਾਈ ਵਿਸ਼ੇਸ਼ ਅਦਾਲਤ ਦੇ ਜੱਜ ਅਬੁਲ ਹਸਨਤ ਜੁਲਕਰਨੈਨ ਨੇ ਖੁਫੀਆ ਦਸਤਾਵੇਜ਼ ਲੀਕ ਮਾਮਲੇ ਦੀ ਸੁਣਵਾਈ ਅਟਕ ਜੇਲ੍ਹ ਅੰਦਰ ਕੀਤੀ। ਇਸੇ ਦੌਰਾਨ ਸਾਬਕਾ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਵੀ ਉਸ ਦੇ 14 ਦਿਨ ਦੀ ਨਿਆਂਇਕ ਹਿਰਾਸਤ ਦੀ ਮਿਆਦ ਪੂਰੀ ਹੋਣ ਮਗਰੋਂ ਅਦਾਲਤ ਵਿਚ ਪੇਸ਼ ਕੀਤਾ ਗਿਆ। ਵਾਸ਼ਿੰਗਟਨ ਵਿਚ ਪਾਕਿਸਤਾਨ ਦੂਤਾਵਾਸ ਤੋਂ ਖੁਫ਼ੀਆ ਕੂਟਨੀਤਕ ਸੂਚਨਾ ਲੀਕ ਹੋਣ ਦੇ ਮਾਮਲੇ ਵਿਚ ਇਮਰਾਨ ‘ਤੇ ਅਧਿਕਾਰਿਤ ਖੁਫ਼ੀਆ ਕਾਨੂੰਨ ਦੀ ਉਲੰਘਣਾ ਕਰਨ ਦਾ ਦੋਸ਼ ਹੈ।