#PUNJAB

ਕੱਲ੍ਹ ਪੈਣਗੀਆਂ ਜਲੰਧਰ ਵੈਸਟ ਹਲਕੇ ‘ਚ ਵੋਟਾਂ, 1,71,963 ਵੋਟਰ ਆਪਣੀ ਵੋਟ ਦੀ ਕਰਨਗੇ ਵਰਤੋਂ

ਜਲੰਧਰ, 9 ਜੁਲਾਈ (ਪੰਜਾਬ ਮੇਲ)- ਵੈਸਟ ਵਿਧਾਨ ਸਭਾ ਹਲਕੇ ਦੀ 10 ਜੁਲਾਈ ਨੂੰ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਨੇ ਸਾਰੇ ਜ਼ਰੂਰੀ ਪ੍ਰਬੰਧ ਮੁਕੰਮਲ ਕਰ ਲਏ ਹਨ ਅਤੇ ਪੂਰੀ ਚੋਣ ਪ੍ਰਕਿਰਿਆ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ। ਰਿਟਰਨਿੰਗ ਅਧਿਕਾਰੀ ਨੇ ਦੱਸਿਆ ਿਕ ਚੋਣ ਹਲਕੇ ਦੇ ਕੁੱਲ 171963 ਵੋਟਰਾਂ ਵਿਚ 89629 ਮਰਦ, 82326 ਔਰਤ ਅਤੇ 8 ਥਰਡ ਜੈਂਡਰ ਵੋਟਰ ਸ਼ਾਮਲ ਹਨ। ਵੋਟਰਾਂ ਦੀ ਸਹੂਲਤ ਲਈ ਚੋਣ ਹਲਕੇ ਵਿਚ 181 ਪੋਲਿੰਗ ਕੇਂਦਰ ਬਣਾਏ ਗਏ ਹਨ। ਸਾਰੇ ਪੋਲਿੰਗ ਕੇਂਦਰਾਂ ’ਤੇ ਜ਼ਰੂਰੀ ਪੋਲਿੰਗ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ, ਜਿਨ੍ਹਾਂ ਨੂੰ ਵਿਸਤ੍ਰਿਤ ਸਿਖਲਾਈ ਦਿੱਤੀ ਗਈ ਹੈ। ਵਿਧਾਨ ਸਭਾ ਹਲਕੇ ਵਿਚ 874 ਪੀ. ਡੀ. ਐੱਲ. ਬੀ. ਯੂ. ਡੀ. ਵੋਟਰ ਹਨ, ਜਿਨ੍ਹਾਂ ਲਈ ਪੋਲਿੰਗ ਕੇਂਦਰਾਂ ’ਤੇ ਵ੍ਹੀਲਚੇਅਰ, ਰੈਂਪ ਸਮੇਤ ਲਿਆਉਣ ਅਤੇ ਲਿਜਾਣ ਦਾ ਜ਼ਰੂਰੀ ਪ੍ਰਬੰਧ ਕੀਤਾ ਗਿਆ ਹੈ । ਇਸ ਤੋਂ ਇਲਾਵਾ 85 ਅਤੇ ਇਸ ਤੋਂ ਵੱਧ ਉਮਰ ਦੇ 746, 18-19 ਸਾਲ ਦੇ 5010 ਅਤੇ 72 ਸਰਵਿਸ ਵੋਟਰ ਹਨ।

ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣ ਦੌਰਾਨ 10 ਮਾਡਲ ਪੋਲਿੰਗ ਕੇਂਦਰ ਤਿਆਰ ਕੀਤੇ ਗਏ ਹਨ, ਜਿਥੇ ਵੋਟਰਾਂ ਦੀ ਸਹੂਲਤ ਲਈ ਸਾਰੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਇਲਾਵਾ ਇਕ ਪੋਲਿੰਗ ਕੇਂਦਰ ਦਾ ਸੰਚਾਲਨ ਮਹਿਲਾ ਕਰਮਚਾਰੀ ਕਰੇਗੀ। ਲਾਇਲਪੁਰ ਖਾਲਸਾ ਕਾਲਜ ਵਿਚ ਡਿਸਪੈਚ ਸੈਂਟਰ ਬਣਾਇਆ ਗਿਆ ਹੈ, ਜਿੱਥੋਂ 9 ਜੁਲਾਈ ਨੂੰ ਸਾਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪੋਲਿੰਗ ਪਾਰਟੀਆਂ ਨੂੰ ਰਵਾਨਾ ਕੀਤਾ ਜਾਵੇਗਾ।

ਡੀ. ਸੀ. ਪੀ. ਆਦਿੱਤਿਆ ਨੇ ਕਿਹਾ ਕਿ ਚੋਣ ਦੌਰਾਨ ਸ਼ਰਾਬ, ਨਕਦੀ ਆਦਿ ਦੀ ਦੁਰਵਰਤੋਂ ਰੋਕਣ ਲਈ ਪੁਲਸ ਪੂਰੀ ਤਾਕਤ ਲਾ ਰਹੀ ਹੈ। ਨਾਲ ਹੀ ਵਿਸ਼ੇਸ਼ ਚੌਕੀਆਂ ਵੀ ਲਾਈਆਂ ਜਾ ਰਹੀਆਂ ਹਨ। ਕਿਸੇ ਨੂੰ ਵੀ ਕਾਨੂੰਨ ਵਿਵਸਥਾ ਆਪਣੇ ਹੱਥ ਵਿਚ ਲੈਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।