#CANADA

ਕੰਜ਼ਰਵੇਟਿਵ ਪਾਰਟੀ ਆਗੂ ਪੌਲਿਵਰ ਨੇ 80 ਫੀਸਦੀ ਵੋਟਾਂ ਨਾਲ ਜਿੱਤੀ ਸੰਸਦੀ ਚੋਣ

ਕੈਲਗਰੀ, 22 ਅਗਸਤ (ਪੰਜਾਬ ਮੇਲ)-ਕੰਜ਼ਰਵੇਟਿਵ ਪਾਰਟੀ ਆਗੂ ਪੀਅਰ ਪੌਲਿਵਰ ਨੇ ਕੈਲਗਰੀ ਵਿਚਲੀ ਬੈਟਲ ਰਿਵਰ ਕਰੋਫੁੱਟ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਪਾਰਲੀਮੈਂਟ ਵਿਚ ਪਹੁੰਚ ਬਣਾ ਲਈ ਹੈ। 244 ਉਮੀਦਵਾਰਾਂ ਵੱਲੋਂ ਉਸ ਦੀਆਂ ਵੋਟਾਂ ਵੰਡ ਕੇ ਸੰਸਦੀ ਦਾਖਲੇ ਨੂੰ ਰੋਕਣ ਦੇ ਸਾਰੇ ਯਤਨ ਅਸਫ਼ਲ ਹੋ ਗਏ। ਹਲਕੇ ਦੇ 80 ਫੀਸਦੀ ਤੋਂ ਵੱਧ ਲੋਕਾਂ ਨੇ ਉਨ੍ਹਾਂ ਦੇ ਹੱਕ ਵਿਚ ਵੋਟਾਂ ਪਾਈਆਂ।
ਸੱਤਾਧਾਰੀ ਲਿਬਰਲ ਪਾਰਟੀ ਦੇ ਉਮੀਦਵਾਰ ਡਾਰਸੀ ਸਪੇਡੀ ਸਿਰਫ ਸਾਢੇ ਚਾਰੀ ਫੀਸਦ ਵੋਟਾਂ ਲੈ ਕੇ ਤੀਜੇ ਨੰਬਰ ‘ਤੇ ਰਿਹਾ, ਜਦੋਂ ਕਿ ਆਜ਼ਾਦ ਉਮੀਦਵਾਰ ਬੋਨੀ ਕਰਿੰਚਲੀ 10 ਫੀਸਦੀ ਵੋਟਾਂ ਲੈ ਗਿਆ। 5600 ਵਰਗ ਕਿਲੋਮੀਟਰ ਵਿਚ ਫੈਲੇ ਇਸ ਪੇਂਡੂ ਹਲਕੇ ਵਿਚ ਚੋਣ ਮੁਹਿੰਮ ਭਖਾ ਸਕਣਾ ਪੀਅਰ ਪੌਲਿਵਰ ਲਈ ਚੁਣੌਤੀਪੂਰਨ ਰਿਹਾ ਪਰ ਉਸ ਦੀ ਮਿਹਨਤ ਰੰਗ ਲਿਆਈ।
ਅਪ੍ਰੈਲ ਵਿਚ ਹੋਈਆਂ ਆਮ ਸੰਸਦੀ ਚੋਣਾਂ ਵਿਚ ਪੌਲਿਵਰ ਓਨਟਾਰੀਓ ਵਿਚਲੇ ਪੱਕੇ ਹਲਕੇ ਕਾਰਲੈਟਨ ਤੋਂ ਹਾਰ ਗਏ ਸਨ, ਜਿਸ ਕਾਰਨ ਵਿਰੋਧੀ ਪਾਰਟੀ ਦੇ ਆਗੂ ਹੁੰਦੇ ਹੋਏ ਵੀ ਸੰਸਦ ਵਿਚ ਆਪਣਾ ਰੋਲ ਨਿਭਾਉਣ ਤੋਂ ਅਸਮਰੱਥ ਸਨ। ਅਪ੍ਰੈਲ ਚੋਣ ਵਿਚ ਉੱਕਤ ਹਲਕੇ ਤੋਂ ਜੇਤੂ ਰਹੇ ਉਸ ਦੀ ਪਾਰਟੀ ਦੇ ਮੈਂਬਰ ਡੈਮੀਅਨ ਕੁਰਕ ਨੇ ਅਸਤੀਫਾ ਦੇ ਕੇ ਪੀਅਰ ਪੌਲਿਵਰ ਨੂੰ ਜ਼ਿਮਨੀ ਚੋਣ ਲੜ ਕੇ ਪਾਰਲੀਮੈਂਟ ਵਿਚ ਪਹੁੰਚਣ ਦਾ ਮੌਕਾ ਦਿੱਤਾ ਸੀ। ਡੈਮੀਅਨ ਕੁਰਕ ਨੇ ਅਪ੍ਰੈਲ ਵਿਚ ਇਹੀ ਸੀਟ 82 ਫੀਸਦੀ ਵੋਟਾਂ ਲੈ ਕੇ ਜਿੱਤੀ ਸੀ।
ਜਿੱਤ ਤੋਂ ਬਾਦ ਪੀਅਰ ਪੌਲਿਵਰ ਨੇ ਖੁਸ਼ੀ ਦੇ ਪਲ ਸਾਂਝੇ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਜਿੱਤ ਨੇ ਸਾਬਤ ਕੀਤਾ ਹੈ ਕਿ ਸੱਚੇ ਵਿਅਕਤੀ ਦੇ ਰਾਹ ਵਿਚ ਵਿਛਾਏ ਗਏ ਅਣਗਿਣਤ ਰੋੜੇ ਵੀ ਉਸਨੂੰ ਮੰਜ਼ਿਲ ‘ਤੇ ਪਹੁੰਚਣ ਤੋਂ ਨਹੀਂ ਰੋਕ ਸਕਦੇ। ਪੌਲਿਵਰ ਨੇ ਸੋਮਵਾਰ ਰਾਤ ਨੂੰ ਕੈਮਰੋਜ਼, ਅਲਬਰਟਾ ਵਿਚ ਜਿੱਤ ਦੇ ਇਕ ਜਸ਼ਨ ਵਿਚ ਹਾਜ਼ਰੀਨ ਨੂੰ ਕਿਹਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਜਾਣਨਾ ਮੇਰੀ ਜ਼ਿੰਦਗੀ ਦਾ ਸਨਮਾਨ ਰਿਹਾ ਹੈ। ਸੱਚਮੁੱਚ, ਮੈਨੂੰ ਬਹੁਤ ਮਜ਼ਾ ਆਇਆ ਹੈ। ਪੌਲਿਵਰ ਨੇ ਗਰਮੀਆਂ ਵਿਚ ਆਪਣੇ ਨਵੇਂ ਹਲਕੇ ਵਿਚ ਕਈ ਹਫ਼ਤੇ ਲੋਕਾਂ ਨੂੰ ਮਿਲਦਿਆਂ, ਸਮਾਗਮਾਂ ਵਿਚ ਸ਼ਾਮਲ ਹੁੰਦਿਆਂ ਅਤੇ ਸਥਾਨਕ ਕਾਰੋਬਾਰਾਂ ਵਿਚ ਰੁਕਦਿਆਂ ਬਿਤਾਏ। ਇਹ ਉਸੇ ਤਰ੍ਹਾਂ ਦੀ ਜ਼ਮੀਨੀ ਮੁਹਿੰਮ ਸੀ, ਜੋ ਉਸਨੇ 2004 ਵਿਚ ਚਲਾਈ ਸੀ, ਜਦੋਂ ਉਹ ਪਹਿਲੀ ਵਾਰ ਓਨਟਾਰੀਓ ਦੇ ਕਾਰਲੇਟਨ ਹਲਕੇ ਲਈ ਸੰਸਦ ਮੈਂਬਰ ਬਣਿਆ ਸੀ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਜੁਲਾਈ ਵਿਚ ਇਸ ਖਾਲੀ ਹੋਏ ਹਲਕੇ ਤੋਂ ਜ਼ਿਮਨੀ ਚੋਣ ਦਾ ਐਲਾਨ ਕੀਤਾ ਗਿਆ ਤਾਂ ਪੀਅਰ ਪੌਲਿਵਰ ਨੇ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਉਦੋਂ ਤੋਂ ਹੀ ਆਪਣੀ ਚੋਣ ਮੁਹਿੰਮ ਵਿੱਢ ਲਈ ਸੀ। ਵਿਸ਼ਾਲ ਖੇਤਰ ਵਿਚ ਫੈਲੇ ਹਲਕੇ ਵਿਚ ਵੋਟਰਾਂ ਤੱਕ ਪਹੁੰਚ ਕਰਨ ਵਿਚ ਉਨ੍ਹਾਂ ਨੂੰ ਕਈ ਔਕੜਾਂ ਵੀ ਝੱਲਣੀਆਂ ਪਈਆਂ ਪਰ ਉਨ੍ਹਾਂ ਹਰੇਕ ਵੋਟਰ ਤੱਕ ਪਹੁੰਚ ਯਕੀਨੀ ਬਣਾਈ ਤੇ ਸ਼ਾਇਦ ਇਹੀ ਨੇੜਤਾ ਵੱਡੀ ਲੀਡ ਨਾਲ ਉਸਦੀ ਜਿੱਤ ਦਾ ਕਾਰਣ ਬਣੀ। ਅਪ੍ਰੈਲ ਵਾਲੀ ਹਾਰ ਤੋਂ ਬਾਅਦ ਪਾਰਟੀ ਦੇ ਅੰਦਰੋਂ ਵੀ ਪੌਲਿਵਰ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਸੀ, ਜੋ ਹੁਣ ਪੂਰੀ ਤਰ੍ਹਾਂ ਦੱਬ ਜਾਣ ਦੇ ਆਸਾਰ ਬਣ ਗਏ ਹਨ।
ਜਦੋਂ 15 ਸਤੰਬਰ ਨੂੰ ਸੰਸਦ ਮੁੜ ਸ਼ੁਰੂ ਹੋਵੇਗੀ ਤਾਂ ਪੌਲਿਵਰ ਪਹਿਲੀ ਵਾਰ ਹਾਊਸ ਆਫ਼ ਕਾਮਨਜ਼ ਵਿਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਸਾਹਮਣਾ ਕਰਨਗੇ। ਓਇਸਟਰ ਗਰੁੱਪ ਦੀ ਕੰਜ਼ਰਵੇਟਿਵ ਰਣਨੀਤੀਕਾਰ ਅਤੇ ਭਾਈਵਾਲ ਅਮਾਂਡਾ ਗੈਲਬ੍ਰੈਥ ਨੇ ਕਿਹਾ ਕਿ ਪੌਲਿਵਰਜ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਉਹ ਕਿਹੜੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਨ ਦੀ ਯੋਜਨਾ ਬਣਾ ਰਹੇ ਹਨ। 7 ਅਗਸਤ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ ਉਨ੍ਹਾਂ ਕਿਹਾ ਕਿ ਉਹ ਵੱਡੇ ਪ੍ਰੋਜੈਕਟਾਂ ਦੇ ਵਿਕਾਸ ਨੂੰ ਤੇਜ਼ ਕਰਨ ਲਈ ਹਾਊਸ ਆਫ਼ ਕਾਮਨਜ਼ ਵਿਚ ਕੈਨੇਡੀਅਨ ਪ੍ਰਭੂਸੱਤਾ ਐਕਟ ਨਾਂ ਦਾ ਇਕ ਬਿੱਲ ਪੇਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਕੰਜ਼ਰਵੇਟਿਵ ਕਾਰਨੀ ਤੋਂ 14 ਮਾਰਚ ਤੱਕ ਘੱਟੋ-ਘੱਟ ਦੋ ਪਾਈਪਲਾਈਨ ਪ੍ਰੋਜੈਕਟਾਂ ਇਕ ਨਵੇਂ ਕੁਦਰਤੀ ਗੈਸ ਤਰਲੀਕਰਨ ਪ੍ਰੋਜੈਕਟ ਅਤੇ ਓਨਟਾਰੀਓ ਵਿਚ ਰਿੰਗ ਆਫ਼ ਫਾਇਰ ਤੱਕ ਇਕ ਸੜਕ ਦਾ ਨਿਰਮਾਣ ਸ਼ੁਰੂ ਕਰਨ ਦੀ ਮੰਗ ਕਰ ਰਹੇ ਹਨ। ਪੌਲਿਵਰਜ ਇਕ ਵਾਰ ਫਿਰ ਸੰਸਦ ਵਿਚ ਪਾਰਟੀ ਦੀ ਅਗਵਾਈ ਕਰਨ ਦੇ ਨਾਲ ਹੀ ਐਂਡਰਿਊ ਸ਼ੀਅਰ ਵਿਰੋਧੀ ਧਿਰ ਦੇ ਹਾਊਸ ਲੀਡਰ ਵਜੋਂ ਆਪਣੀ ਭੂਮਿਕਾ ਸੰਭਾਲਣਗੇ। ਪਾਰਟੀ ਦੀ ਫਰੰਟ ਲਾਈਨ ਵਿਚ ਵੀ ਬਦਲਾਅ ਹੋਣਗੇ।
ਕੰਜ਼ਰਵੇਟਿਵ ਆਗੂ ਨੇ ਬਸੰਤ ਰੁੱਤ ਵਿਚ ਵਾਅਦਾ ਕੀਤਾ ਸੀ ਕਿ ਉਹ ਆਪਣੀ ‘ਸ਼ੈਡੋ ਕੈਬਨਿਟ’-ਹਾਊਸ ਆਫ ਕਾਮਨਜ਼ ਵਿਚ ਆਲੋਚਕ ਜਾਂ ਲੀਡਰਸ਼ਿਪ ਭੂਮਿਕਾਵਾਂ ਲਈ ਨਿਯੁਕਤ 74 ਸੰਸਦ ਮੈਂਬਰਾਂ ਦਾ ਇਕ ਸਮੂਹ-ਇਸ ਪਤਝੜ ਤੱਕ ਦੁਬਾਰਾ ਕਰਨਗੇ।
ਪੌਲਿਵਰ ਦੀ ਸਾਬਕਾ ਮੁਹਿੰਮ ਪ੍ਰਬੰਧਕ ਜੈਨੀ ਬਾਇਰਨ ਨੇ ਹਾਲ ਹੀ ਵਿਚ ਇਕ ਪੋਡਕਾਸਟ ਇੰਟਰਵਿਊ ਵਿਚ ਕਿਹਾ ਕਿ ਪਤਝੜ ਹਾਊਸ ਸੈਸ਼ਨ ਪਾਰਟੀ ਲਈ ‘ਅਸਲ ਅਗਲਾ ਅਧਿਆਇ’ ਸ਼ੁਰੂ ਕਰੇਗਾ।
ਬਾਇਰਨ ਨੇ ਕਿਹਾ ਕਿ ਕੰਜ਼ਰਵੇਟਿਵ ਪਾਰਟੀ ਇਮੀਗ੍ਰੇਸ਼ਨ ਅਤੇ ਅਪਰਾਧ ਵਰਗੇ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰੇਗੀ। ਕ੍ਰੈਸਟਵਿਊ ਸਟ੍ਰੈਟਜੀ ਦੀ ਇਕ ਭਾਈਵਾਲ ਅਤੇ ਇਕ ਕੰਜ਼ਰਵੇਟਿਵ ਟਿੱਪਣੀਕਾਰ ਗਿੰਨੀ ਰੋਥ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਵਜੋਂ ਪੌਲਿਵਰ ਉਨ੍ਹਾਂ ਥਾਵਾਂ ਵੱਲ ਇਸ਼ਾਰਾ ਕਰਨ ਵਿਚ ਸਫਲ ਰਹੇ ਹਨ ਜਿੱਥੇ ਕੈਨੇਡੀਅਨ ਸੰਘਰਸ਼ ਕਰ ਰਹੇ ਹਨ ਅਤੇ ਜਿੱਥੇ ਸਰਕਾਰ ਅਸਫਲ ਹੋ ਰਹੀ ਹੈ। ਕੰਜ਼ਰਵੇਟਿਵ ਪਾਰਟੀ ਜਨਵਰੀ ਦੇ ਅਖੀਰ ਵਿਚ ਕੈਲਗਰੀ ਵਿਚ ਇਕ ਰਾਸ਼ਟਰੀ ਸੰਮੇਲਨ ਕਰੇਗੀ। ਪਾਰਟੀ ਦੇ ਸੰਵਿਧਾਨ ਵਿਚ ਇਹ ਵਿਵਸਥਾ ਹੈ ਕਿ ਕੋਈ ਵੀ ਆਗੂ ਜੋ ਹਾਲ ਹੀ ਵਿਚ ਚੋਣ ਹਾਰ ਗਿਆ ਹੈ, ਉਸਨੂੰ ਆਪਣੇ ਭਵਿੱਖ ‘ਤੇ ਵੋਟ ਪਾਉਣੀ ਪਵੇਗੀ।