#PUNJAB

ਕੰਗਨਾ ਰਣੌਤ ਨੂੰ ਚੰਡੀਗੜ੍ਹ ਕੋਰਟ ਵੱਲੋਂ ਨੋਟਿਸ ਜਾਰੀ

-5 ਦਸੰਬਰ ਨੂੰ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ
ਚੰਡੀਗੜ੍ਹ, 18 ਸਤੰਬਰ (ਪੰਜਾਬ ਮੇਲ)- ਬਾਲੀਵੁੱਡ ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਨੂੰ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ। ਅਦਾਲਤ ਨੇ ਇਹ ਹੁਕਮ ਕੰਗਨਾ ਰਣੌਤ ਦੀ ਨਵੀਂ ਫਿਲਮ ਐਮਰਜੈਂਸੀ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਮੰਗਲਵਾਰ ਨੂੰ ਸੁਣਵਾਈ ਕਰਦੇ ਹੋਏ ਨੋਟਿਸ ਜਾਰੀ ਕੀਤਾ ਹੈ। ਜਾਰੀ ਨੋਟਿਸ ‘ਚ ਕੰਗਨਾ ਨੂੰ 5 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।
ਅਦਾਕਾਰਾ ਖ਼ਿਲਾਫ਼ ਜ਼ਿਲ੍ਹਾ ਅਦਾਲਤ ਵਿਚ ਇੱਕ ਪਟੀਸ਼ਨ ਦਾਇਰ ਕਰਕੇ ਐੱਫ.ਆਈ.ਆਰ. ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਪਟੀਸ਼ਨ ਵਿਚ ਐੱਸ.ਐੱਸ.ਪੀ. ਚੰਡੀਗੜ੍ਹ ਨੂੰ ਕੰਗਨਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਨ ਦੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਹੈ।
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਐਡਵੋਕੇਟ ਰਵਿੰਦਰ ਸਿੰਘ ਬੱਸੀ ਨੇ ਕੰਗਨਾ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਹੈ। ਐਡਵੋਕੇਟ ਬੱਸੀ ਨੇ ਕਿਹਾ ਕਿ ਕੰਗਨਾ ਨੇ ਇਸ ਫਿਲਮ ਰਾਹੀਂ ਸਿੱਖਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਕੰਗਣਾ ਨੇ ਬਿਨਾਂ ਇਤਿਹਾਸ ਪੜ੍ਹੇ ਸਿੱਖਾਂ ਦੀ ਨਕਾਰਾਤਮਕ ਤਸਵੀਰ ਦਿਖਾਈ ਹੈ ਅਤੇ ਝੂਠੇ ਦੋਸ਼ ਵੀ ਲਾਏ ਹਨ। ਇਸ ਲਈ ਉਨ੍ਹਾਂ ਨੇ ਕੰਗਨਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਪਟੀਸ਼ਨ ਵਿਚ ਕੰਗਨਾ ਰਣੌਤ ਦੇ ਨਾਲ ਸਕਰੀਨ ਪਲੇ ਲੇਖਕ ਰਿਤੇਸ਼ ਸ਼ਾਹ ਅਤੇ ਜ਼ੀ ਸਟੂਡੀਓ ਨੂੰ ਪ੍ਰਤੀਵਾਦੀ ਬਣਾਇਆ ਗਿਆ ਹੈ।
ਇਸੇ ਦੌਰਾਨ ਮੁਹਾਲੀ ਵਾਸੀ ਗੁਰਿੰਦਰ ਸਿੰਘ ਅਤੇ ਗੁਰਮੋਹਨ ਸਿੰਘ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਕੇ ਫਿਲਮ ਐਮਰਜੈਂਸੀ ਦੀ ਰਿਲੀਜ਼ ‘ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਦੋਹਾਂ ਨੇ ਪਟੀਸ਼ਨ ‘ਚ ਕਿਹਾ ਸੀ ਕਿ ਇਸ ਫਿਲਮ ‘ਚ ਸਿੱਖਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਫਿਲਮ ਇਸੇ ਤਰ੍ਹਾਂ ਰਿਲੀਜ਼ ਹੋਈ ਤਾਂ ਇਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇਗੀ।