#INDIA

ਕੌਮੀ ਰਾਜਧਾਨੀ ‘ਚ ਪ੍ਰਦੂਸ਼ਣ ਦਾ ਪੱਧਰ ਪਿਛਲੇ ਅੱਠ ਸਾਲਾਂ ਵਿਚੋਂ ਸਭ ਤੋਂ ਵੱਧ

-ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਰਿਪੋਰਟ ‘ਚ ਹੋਇਆ ਖੁਲਾਸਾ
ਨਵੀਂ ਦਿੱਲੀ, 3 ਦਸੰਬਰ (ਪੰਜਾਬ ਮੇਲ)- ਕੌਮੀ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਨੂੰ ਘਟਾਉਣ ਲਈ ਪਾਬੰਦੀਆਂ ਦੇ ਬਾਵਜੂਦ ਹਵਾ ਪ੍ਰਦੂਸ਼ਣ ਬਰਕਰਾਰ ਹੈ। ਦਿੱਲੀ ਵਿਚ ਨਵੰਬਰ ਦੌਰਾਨ ਪੀ.ਐੱਮ. 2.5 ਦਾ ਔਸਤ ਪੱਧਰ 8 ਸਾਲਾਂ ਵਿਚ ਸਭ ਤੋਂ ਵੱਧ ਪੁੱਜ ਗਿਆ ਹੈ। ਇਸ ਬਾਰੇ ਖੁਲਾਸਾ ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਦੀ ਇੱਕ ਰਿਪੋਰਟ ਤੋਂ ਹੋਇਆ, ਜਿਸ ਵਿਚ ਕਿਹਾ ਗਿਆ ਹੈ ਕਿ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਦੇ ਬਾਵਜੂਦ ਨਵੰਬਰ ਵਿਚ ਦਿੱਲੀ ਦੀ ਪੀ.ਐੱਮ. 2.5 ਦੀ ਔਸਤ 249 ਮਾਈਕ੍ਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਤੱਕ ਵੱਧ ਗਈ ਹੈ, ਜੋ 2017 ਤੋਂ ਬਾਅਦ ਸਭ ਤੋਂ ਵੱਧ ਹੈ। ਇਹ ਵੀ ਦੱਸਣਾ ਬਣਦਾ ਹੈ ਕਿ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੀਆਂ ਘਟਨਾਵਾਂ ਵਿਚ ਗਿਰਾਵਟ ਦਰਜ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਨਵੰਬਰ 2016 ਵਿਚ ਪੀ.ਐੱਮ. 2.5 ਦਾ ਔਸਤ ਪੱਧਰ 254 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਰਿਕਾਰਡ ਕੀਤਾ ਗਿਆ ਸੀ। ਦੱਸਣਾ ਬਣਦਾ ਹੈ ਕਿ ਪੀ.ਐੱਮ. 2.5 ਮਾਈਕਰੋਮੀਟਰ ਮਨੁੱਖੀ ਵਾਲਾਂ ਦੀ ਚੌੜਾਈ ਜਿੰਨੇ ਹੁੰਦੇ ਹਨ। ਇਹ ਇੰਨੇ ਛੋਟੇ ਹੁੰਦੇ ਹਨ ਕਿ ਇਹ ਫੇਫੜਿਆਂ ਵਿਚ ਧੁਰ ਅੰਦਰ ਤੱਕ ਦਾਖਲ ਹੋ ਸਕਦੇ ਹਨ ਅਤੇ ਇਹ ਖੂਨ ਦੇ ਪ੍ਰਵਾਹ ਵਿਚ ਦਾਖਲ ਹੋ ਕੇ ਸਿਹਤ ਸਬੰਧੀ ਵਿਕਾਰ ਪੈਦਾ ਕਰਦੇ ਹਨ। ਦੂਜੇ ਪਾਸੇ ਸੁਪਰੀਮ ਕੋਰਟ ਨੇ ਕੌਮੀ ਰਾਜਧਾਨੀ ‘ਚ ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (ਜੀ.ਆਰ.ਏ.ਪੀ.) ਦੇ ਚੌਥੇ ਪੜਾਅ ਤਹਿਤ ਲਾਈਆਂ ਪਾਬੰਦੀਆਂ ਵਿਚ ਫਿਲਹਾਲ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਜਦੋਂ ਤੱਕ ਏ.ਕਿਊ.ਆਈ. ਦਾ ਪੱਧਰ ਹੇਠਾਂ ਨਹੀਂ ਡਿੱਗਦਾ, ਤਦ ਤੱਕ ਪਾਬੰਦੀਆਂ ਜਾਰੀ ਰਹਿਣਗੀਆਂ। ਦੱਸਣਾ ਬਣਦਾ ਹੈ ਕਿ ਦਿੱਲੀ-ਐੱਨ.ਸੀ.ਆਰ. ਵਿਚ ਅਕਤੂਬਰ ਅਤੇ ਦਸੰਬਰ ਦਰਮਿਆਨ ਖੇਤਰ ਵਾਸੀਆਂ ਨੂੰ ਹਵਾ ਪ੍ਰਦੂਸ਼ਣ ਨਾਲ ਜੂਝਣਾ ਪੈਂਦਾ ਹੈ।