#AMERICA

ਕੌਮਾਂਤਰੀ ਤਸਕਰ ਨੇ 500 ਲੋਕਾਂ ਨੂੰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਵਾਉਣ ਦੀ ਗੱਲ ਕਬੂਲੀ

ਫੇਰਗਸ ਫਾਲਜ਼ (ਅਮਰੀਕਾ), 21 ਨਵੰਬਰ (ਪੰਜਾਬ ਮੇਲ)-ਕੈਨੇਡਾ ਤੋਂ ਅਮਰੀਕਾ ‘ਚ ਗ਼ੈਰਕਾਨੂੰਨੀ ਢੰਗ ਨਾਲ ਦਾਖਲੇ ਸਬੰਧੀ ਕੇਸ ਦੀ ਦੂਜੇ ਦਿਨ ਦੀ ਸੁਣਵਾਈ ਦੌਰਾਨ ਮਨੁੱਖੀ ਤਸਕਰੀ ਦੇ ਦੋਸ਼ੀ ਇਕ ਵਿਅਕਤੀ ਨੇ ਗਵਾਹੀ ਦਿੱਤੀ ਕਿ ਉਸ ਨੇ ਕੌਮਾਂਤਰੀ ਤਸਕਰੀ ਗਿਰੋਹ ਦੇ ਹਿੱਸੇ ਵਜੋਂ ਚਾਰ ਸਾਲਾਂ ਅੰਦਰ 500 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ ਅਮਰੀਕਾ-ਕੈਨੇਡਾ ਸਰਹੱਦ ਪਾਰ ਕਰਵਾਈ। ਕੇਸ ਦੀ ਪੈਰਵੀ ਕਰ ਰਹੇ ਵਕੀਲਾਂ ਨੇ ਕਿਹਾ ਕਿ ਇਸ ਗ਼ੈਰਕਾਨੂੰਨੀ ਗਤੀਵਿਧੀ ਕਾਰਨ ਚਾਰ ਜਣਿਆਂ ਦੇ ਇਕ ਪਰਿਵਾਰ ਦੀ ਮੌਤ ਹੋ ਗਈ ਸੀ। ਰਾਜਿੰਦਰ ਸਿੰਘ (51) ਨੇ ਕਿਹਾ ਕਿ ਉਨ੍ਹਾਂ ਵੱਡੀ ਯੋਜਨਾ ਦੇ ਹਿੱਸੇ ਵਜੋਂ ਚਾਰ ਲੱਖ ਅਮਰੀਕੀ ਡਾਲਰ ਤੋਂ ਵੱਧ ਰਕਮ ਕਮਾਈ। ਇਸ ਯੋਜਨਾ ‘ਚ ਦੋ ਹੋਰ ਜਣੇ ਸ਼ਾਮਲ ਸਨ, ਜਿਨ੍ਹਾਂ ‘ਤੇ ਮਨੁੱਖੀ ਤਸਕਰੀ ਦਾ ਮੁਕੱਦਮਾ ਚੱਲ ਰਿਹਾ ਹੈ।
ਸੰਘੀ ਵਕੀਲਾਂ ਨੇ ਕਿਹਾ ਕਿ ਉਸ ਨੇ ਮੁਕੱਦਮੇ ‘ਚ ਸ਼ਾਮਲ ਲੋਕਾਂ ਦੀ ਤਰ੍ਹਾਂ ਭਾਰਤੀ ਲੋਕਾਂ ਨੂੰ ਅਮਰੀਕਾ ‘ਚ ਬਿਹਤਰ ਜ਼ਿੰਦਗੀ ਦਾ ਸੁਫਨਾ ਦਿਖਾ ਕੇ ਆਪਣਾ ਸ਼ਿਕਾਰ ਬਣਾਇਆ। ਰਾਜਿੰਦਰ ਸਿੰਘ ਨੇ ਭਾਰਤੀ ਨਾਗਰਿਕ 29 ਸਾਲਾ ਹਰਸ਼ ਕੁਮਾਰ ਰਮਨ ਲਾਲ ਪਟੇਲ ਅਤੇ ਫਲੋਰੀਡਾ ਦੇ 50 ਸਾਲਾ ਸਟੀਵ ਸ਼ੈਂਡ ‘ਤੇ ਮੁਕੱਦਮੇ ਦੇ ਦੂਜੇ ਦਿਨ ਆਪਣਾ ਪੱਖ ਰੱਖਿਆ। ਵਕੀਲਾਂ ਨੇ ਕਿਹਾ ਕਿ ਜਦੋਂ ਤਸਕਰਾਂ ਨੇ ਭਾਰਤੀ ਪ੍ਰਵਾਸੀਆਂ ਨੂੰ ਸਰਹੱਦ ਪਾਰ ਭੇਜਣ ਦੀ ਕੋਸ਼ਿਸ਼ ਕੀਤੀ, ਤਾਂ ਉਨ੍ਹਾਂ ਮਨੁੱਖੀ ਜ਼ਿੰਦਗੀ ਨਾਲੋਂ ਵਿੱਤੀ ਲਾਭ ਨੂੰ ਤਰਜੀਹ ਦਿੱਤੀ। ਉਨ੍ਹਾਂ ਕਿਹਾ ਕਿ ਪਟੇਲ ਤਸਕਰੀ ਯੋਜਨਾ ਦਾ ਹਿੱਸਾ ਸੀ ਅਤੇ ਉਸ ਨੇ ਸ਼ੈਂਡ ਨੂੰ ਡਰਾਈਵਰ ਵਜੋਂ ਭਰਤੀ ਕੀਤਾ ਸੀ। ਰਾਜਿੰਦਰ ਸਿੰਘ ਨੇ ਕਿਹਾ ਕਿ ਉਹ ਪਟੇਲ ਜਾਂ ਸ਼ੈਂਡ ਨੂੰ ਕਦੀ ਨਹੀਂ ਮਿਲਿਆ ਪਰ ਉਸ ਨੇ ਤਸਕਰੀ ਦੇ ਕੰਮ ਦੌਰਾਨ ਇਕ ਉੱਚ ਰੈਂਕ ਦੇ ਮੈਂਬਰ ਤੋਂ ਉਨ੍ਹਾਂ ਬਾਰੇ ਸੁਣਿਆ ਸੀ। ਉਸ ਨੇ ਦੱਸਿਆ ਕਿ ਕੌਮਾਂਤਰੀ ਮਨੁੱਖੀ ਤਸਕਰੀ ਗਿਰੋਹ ਕਿਸ ਤਰ੍ਹਾਂ ਕੰਮ ਕਰਦਾ ਹੈ ਅਤੇ ਕਿਸ ਨੂੰ ਨਿਸ਼ਾਨਾ ਬਣਾਉਂਦਾ ਹੈ। ਉਸ ਨੇ ਦੱਸਿਆ ਕਿ ਉਨ੍ਹਾਂ ਜਿਨ੍ਹਾਂ ਲੋਕਾਂ ਦੀ ਤਸਕਰੀ ਕੀਤੀ ਉਨ੍ਹਾਂ ‘ਚੋਂ ਬਹੁਤੇ ਗੁਜਰਾਤ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ ਕਿ ਪ੍ਰਵਾਸੀ ਆਮ ਤੌਰ ‘ਤੇ ਭਾਰਤ ਤੋਂ ਅਮਰੀਕਾ ਲਿਆਉਣ ਲਈ ਤਸਕਰਾਂ ਨੂੰ ਇੱਕ ਲੱਖ ਡਾਲਰ ਤੱਕ ਦਿੰਦੇ ਹਨ, ਤਾਂ ਜੋ ਉਹ ਅਮਰੀਕਾ ‘ਚ ਕੰਮ ਕਰਕੇ ਆਪਣੇ ਕਰਜ਼ੇ ਲਾ ਸਕਣ। ਤਸਕਰ ਸਾਰਾ ਪੈਸਾ ਹਵਾਲਾ ਰਾਹੀਂ ਲੈਂਦੇ ਹਨ। ਕਈ ਸੰਘੀ ਕੇਸਾਂ ‘ਚ ਦੋਸ਼ੀ ਠਹਿਰਾਏ ਜਾਣ ਮਗਰੋਂ ਡਿਪੋਰਟ ਹੋਣ ਮਗਰੋਂ ਰਾਜਿੰਦਰ ਸਿੰਘ ਤਿੰਨ ਵਾਰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਅੰਦਰ ਦਾਖਲ ਹੋਇਆ।