#AMERICA

ਕੋਸਟਾ ਰੀਕਾ ਤੇ ਪਨਾਮਾ ਵੱਲੋਂ ਪ੍ਰਵਾਸੀਆਂ ਦੇ ਮੁੱਦੇ ‘ਤੇ ਚਰਚਾ

-ਦੋਵਾਂ ਮੁਲਕਾਂ ਦੇ ਸੁਰੱਖਿਆ ਮੰਤਰੀਆਂ ਨੇ ਕੀਤੀ ਮੁਲਾਕਾਤ
ਪੈਨਾਸ ਬਲੈਂਕਾਸ, 5 ਮਾਰਚ (ਪੰਜਾਬ ਮੇਲ)- ਕੋਸਟਾ ਰੀਕਾ ਤੇ ਪਨਾਮਾ ਆਪਣੇ ਦੇਸ਼ਾਂ ਰਾਹੀਂ ਪ੍ਰਵਾਸੀਆਂ ਨੂੰ ਦੱਖਣ ਵੱਲ ਭੇਜਣ ਦੀ ਪ੍ਰਕਿਰਿਆ ਤੇਜ਼ ਕਰਨ ਲਈ ਤਾਲਮੇਲ ਕਰ ਰਹੇ ਹਨ। ਇਹ ਉਹ ਰਾਹ ਹੈ, ਜਿਸ ਰਾਹੀਂ ਹਾਲ ਹੀ ਦੇ ਸਾਲਾਂ ‘ਚ ਸੈਂਕੜੇ ਲੋਕਾਂ ਨੂੰ ਉੱਤਰ ਵੱਲ ਲਿਜਾਇਆ ਗਿਆ ਹੈ। ਜਨਵਰੀ ‘ਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਅਹੁਦਾ ਸੰਭਾਲਣ ਤੋਂ ਬਾਅਦ ਸ਼ਰਨਾਰਥੀਆਂ ਲਈ ਅਮਰੀਕਾ ਦੀ ਸਰਹੱਦ ਬੰਦ ਕੀਤੇ ਜਾਣ ਕਾਰਨ ਦੱਖਣ ਵੱਲ ਵਧ ਰਹੇ ਪ੍ਰਵਾਸੀਆਂ ਦੀ ਗਿਣਤੀ ਨੂੰ ਦੇਖਦਿਆਂ ਦੋਵਾਂ ਮੁਲਕਾਂ ਨੂੰ ਉਨ੍ਹਾਂ ਦੀ ਸੰਭਾਲ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।
ਦੋਵਾਂ ਮੁਲਕਾਂ ਦੇ ਸੁਰੱਖਿਆ ਮੰਤਰੀਆਂ ਨੇ ਬੀਤੇ ਦਿਨੀਂ ਪੈਨਾਸ ਬਲੈਂਕਾਸ ‘ਚ ਮੀਟਿੰਗ ਕੀਤੀ, ਜੋ ਕਿ ਨਿਕਾਰਾਗੁਆ ਤੇ ਕੋਸਟਾ ਰੀਕਾ ਵਿਚਾਲੇ ਇੱਕ ਸਰਹੱਦੀ ਚੌਕੀ ਹੈ। ਇੱਥੋਂ ਦੱਖਣ ਵੱਲ ਜਾਣ ਵਾਲੇ ਪ੍ਰਵਾਸੀ ਬੱਸਾਂ ਰਾਹੀਂ ਪਨਾਮਾ ਹੱਦ ‘ਤੇ ਕੋਸਟਾ ਰੀਕਾ ਸਰਕਾਰ ਦੇ ਸੁਵਿਧਾ ਕੇਂਦਰ ਤੱਕ ਜਾਣਗੇ। ਇੱਥੋਂ ਪਨਾਮਾ ਉਨ੍ਹਾਂ ਨੂੰ ਕੋਲੰਬੀਆ ਸਰਹੱਦ ਨੇੜਲੇ ਡੇਰੀਅਨ ਸੂਬੇ ‘ਚ ਭੇਜੇਗਾ। ਕੋਸਟਾ ਰੀਕਾ ਦੇ ਸੁਰੱਖਿਆ ਮੰਤਰੀ ਮਾਰੀਓ ਜ਼ਾਮੋਰਾ ਨੇ ਬੀਤੇ ਦਿਨੀਂ ਕਿਹਾ ਕਿ ਉਨ੍ਹਾਂ ਦਾ ਧਿਆਨ ਕੋਲੰਬੀਆ, ਵੈਨੇਜ਼ੁਏਲਾ ਤੇ ਇਕੁਆਡੋਰ ਦੇ ਲੋਕਾਂ ਵੱਲ ਹੈ, ਜੋ ਆਪਣੇ ਮੁਲਕਾਂ ‘ਚ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦਾ ਪ੍ਰਬੰਧ ਕਰਕੇ ਉਹ ਪ੍ਰਵਾਸੀਆਂ ਨੂੰ ਮਨੁੱਖੀ ਤਸਕਰੀ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਨਾਮਾ ਦੇ ਸੁਰੱਖਿਆ ਮੰਤਰੀ ਫਰੈਂਕ ਅਬਰੇਗੋ ਨੇ ਕਿਹਾ ਕਿ ਉਹ ਕੋਸਟਾ ਰੀਕਾ ਤੇ ਪਨਾਮਾ ‘ਚ ਵੱਧ ਰੈਗੁਲੇਟ ਆਵਾਜਾਈ ਦੀ ਪੇਸ਼ਕਸ਼ ਕਰਨ ਬਾਰੇ ਵਿਚਾਰ ਕਰ ਰਹੇ ਹਨ।