ਨਵੀਂ ਦਿੱਲੀ, 24 ਅਗਸਤ (ਪੰਜਾਬ ਮੇਲ)- ਕੋਲਕਾਤਾ ਵਿਚ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਕੇਸ ਦੇ ਮੁੱਖ ਮੁਲਜ਼ਮ ਅਤੇ ਆਰਜੀ ਕਾਰ ਮੈਡੀਕਲ ਕਾਲਜ ਦੇ ਸਾਬਕਾ ਪ੍ਰਿੰਸੀਪਲ ਅਤੇ ਛੇ ਹੋਰਾਂ ਦੀ ਪੋਲੀਗ੍ਰਾਫ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਿਖਿਆਰਥੀ ਡਾਕਟਰ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਵਿਚ ਮੁੱਖ ਮੁਲਜ਼ਮ ਅਤੇ ਛੇ ਹੋਰਾਂ ਦੇ ਝੂਠ ਦਾ ਪਤਾ ਲਗਾਉਣ ਦੇ ਟੈਸਟ ਅੱਜ ਸ਼ੁਰੂ ਹੋਏ। ਜੇਲ੍ਹ ‘ਚ ਬੰਦ ਮੁੱਖ ਮੁਲਜ਼ਮ ਸੰਜੇ ਰਾਏ ਦਾ ਪੋਲੀਗ੍ਰਾਫ਼ ਟੈਸਟ ਜੇਲ੍ਹ ‘ਚ ਹੀ ਹੋ ਰਿਹਾ ਹੈ ਤੇ ਬਾਕੀ ਛੇ ਜਣਿਆਂ, ਜਿਨ੍ਹਾਂ ਵਿਚ ਸਾਬਕਾ ਡਿਊਟੀ ਪ੍ਰਿੰਸੀਪਲ ਸੰਦੀਪ ਘੋਸ਼ ਅਤੇ ਘਟਨਾ ਵਾਲੀ ਰਾਤ ਮੌਜੂਦ ਚਾਰ ਡਾਕਟਰਾਂ ਅਤੇ ਇੱਕ ਸਿਵਲ ਵਾਲੰਟੀਅਰ ਸ਼ਾਮਲ ਹਨ, ਦਾ ਟੈਸਟ ਏਜੰਸੀ ਦੇ ਦਫਤਰ ਵਿਖੇ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ (ਸੀ.ਐੱਫ.ਐੱਸ.ਐੱਲ.) ਤੋਂ ਪੋਲੀਗ੍ਰਾਫ਼ ਮਾਹਿਰਾਂ ਦੀ ਟੀਮ ਇਹ ਟੈਸਟ ਕਰਨ ਲਈ ਕੋਲਕਾਤਾ ਪੁੱਜੀ ਹੈ।