#INDIA

ਕੋਲਕਾਤਾ ਡਾਕਟਰ ਬਲਾਤਕਾਰ ਤੇ ਕਤਲ ਮਾਮਲਾ: ਸੁਪਰੀਮ ਕੋਰਟ ਵੱਲੋਂ ਸੋਸ਼ਲ ਮੀਡੀਆ ਤੋਂ ਮ੍ਰਿਤਕ ਦਾ ਨਾਮ, ਫੋਟੋਆਂ ਤੇ ਵੀਡੀਓ ਹਟਾਉਣ ਦੇ ਹੁਕਮ

ਨਵੀਂ ਦਿੱਲੀ, 20 ਅਗਸਤ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਬਲਾਤਕਾਰ ਮਗਰੋਂ ਕਤਲ ਕੀਤੀ ਗਈ ਸਿਖਿਆਰਥਣ ਡਾਕਟਰ ਦਾ ਨਾਮ, ਫੋਟੋਆਂ ਅਤੇ ਵੀਡੀਓਜ਼ ਨੂੰ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ ਹਟਾਉਣ ਦਾ ਹੁਕਮ ਦਿੱਤਾ ਹੈ। ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਈ ਲੜਕੀ ਦੀ ਪਛਾਣ ਦਾ ਖੁਲਾਸਾ ਨਿਪੁਨ ਸਕਸੈਨਾ ਮਾਮਲੇ ‘ਚ ਦਿੱਤੇ ਹੁਕਮਾਂ ਦੀ ਉਲੰਘਣਾ ਹੈ। ਸਿਖਰਲੀ ਅਦਾਲਤ ਵਕੀਲ ਕਿੰਨੋਰੀ ਘੋਸ਼ ਅਤੇ ਹੋਰਾਂ ਦੁਆਰਾ ਸੋਸ਼ਲ ਮੀਡੀਆ ‘ਤੇ ਪੀੜਤ ਡਾਕਟਰ ਦੀ ਪਛਾਣ ਦੇ ਖੁਲਾਸੇ ਵਿਰੁੱਧ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰ ਰਹੀ ਸੀ। ਇਸ ਤੋਂ ਪਹਿਲਾਂ ਸਵੇਰੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ ਕਿ ਜਿਸ ਦਾ ਬਲਾਤਕਾਰ ਅਤੇ ਕਤਲ ਕੀਤਾ ਗਿਆ, ਉਸ ਦਾ ਨਾਮ ਸੋਸ਼ਲ ਮੀਡੀਆ ‘ਤੇ ਪ੍ਰਕਾਸ਼ਿਤ ਕੀਤਾ ਗਿਆ।