ਪਟਿਆਲਾ, 16 ਅਗਸਤ (ਪੰਜਾਬ ਮੇਲ)- ਕੋਲਕਾਤਾ ਘਟਨਾ ਖ਼ਿਲਾਫ਼ ਪੰਜਾਬ ਸਿਵਲ ਮੈਡੀਕਲ ਸਰਵਿਸ (ਪੀ.ਸੀ.ਐੱਮ.ਐੱਸ.) ਐਸੋਸੀਏਸ਼ਨ ਵੱਲੋਂ ਅੱਜ ਹੜਤਾਲ ਕਾਰਨ ਪੰਜਾਬ ਭਰ ਦੀਆਂ 829 ਆਮ ਆਦਮੀ ਕਲੀਨਿਕਾਂ (ਏ.ਏ.ਸੀ.) ਅਤੇ ਲਗਪਗ 550 ਪੇਂਡੂ ਮੈਡੀਕਲ ਡਿਸਪੈਂਸਰੀਆਂ ਤੋਂ ਇਲਾਵਾ ਸਰਕਾਰੀ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਵਿਚ ਓ.ਪੀ.ਡੀ. ਸੇਵਾਵਾਂ ਠੱਪ ਹੋ ਗਈਆਂ ਹਨ। ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਵਿਚ ਸਿਹਤ ਸੇਵਾਵਾਂ ਠੱਪ ਕਰਕੇ ਨਰਸਿੰਗ ਐਸੋਸੀਏਸ਼ਨ ਵੀ ਇਸ ਹੜਤਾਲ ਵਿਚ ਸ਼ਾਮਲ ਹੋ ਗਈ ਹੈ। ਡਾਕਟਰ ਮੈਡੀਕਲ ਸੰਸਥਾਵਾਂ ਅਤੇ ਕਲੀਨਿਕਾਂ ਵਿਚ ਢਿੱਲੇ ਸੁਰੱਖਿਆ ਪ੍ਰਬੰਧਾਂ ਦਾ ਵਿਰੋਧ ਕਰ ਰਹੇ ਹਨ। ਐਸੋਸੀਏਸ਼ਨ ਦੇ ਪ੍ਰਧਾਨ ਅਖਿਲ ਸਰੀਨ ਨੇ ਕਿਹਾ ਕਿ ਦੇਸ਼ ਅਤੇ ਰਾਜ ਭਰ ਵਿਚ ਡਾਕਟਰਾਂ ਵਿਰੁੱਧ ਹਿੰਸਾ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਇਨ੍ਹਾਂ ਨੂੰ ਹੇਠਾਂ ਲਿਆਉਣ ਲਈ ਠੋਸ ਕਦਮ ਚੁੱਕਣ ਦੀ ਲੋੜ ਹੈ।