#PUNJAB

ਕੋਟਕਪੂਰਾ ਗੋਲੀ ਕਾਂਡ: ਬਾਦਲਾਂ ਸਮੇਤ 7 ਮੁਲਜ਼ਮਾਂ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ

– 23 ਮਾਰਚ ਨੂੰ ਅਗਲੀ ਸੁਣਵਾਈ ਦੌਰਾਨ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦਾ ਹੁਕਮ
– ਹਾਜ਼ਰ ਨਾ ਹੋਣ ‘ਤੇ ਅਗਲੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ
ਫਰੀਦਕੋਟ, 7 ਮਾਰਚ (ਪੰਜਾਬ ਮੇਲ)- ਕੋਟਕਪੂਰਾ ਗੋਲੀ ਕਾਂਡ ਵਿਚ ਵਿਸ਼ੇਸ਼ ਜਾਂਚ ਟੀਮ ਵੱਲੋਂ ਪੇਸ਼ ਕੀਤੇ ਗਏ ਚਲਾਨ ਨੂੰ ਚੈੱਕ ਕਰਨ ਤੋਂ ਬਾਅਦ ਮੈਜਿਸਟਰੇਟ ਅਜੈਪਾਲ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ, ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ, ਚਰਨਜੀਤ ਸ਼ਰਮਾ ਅਤੇ ਡੀ.ਆਈ.ਜੀ. ਅਮਰ ਸਿੰਘ ਚਾਹਲ ਨੂੰ ਨੋਟਿਸ ਜਾਰੀ ਕਰ ਕੇ 23 ਮਾਰਚ ਨੂੰ ਅਦਾਲਤ ਵਿਚ ਨਿੱਜੀ ਤੌਰ ‘ਤੇ ਹਾਜ਼ਰ ਹੋਣ ਦਾ ਆਦੇਸ਼ ਦਿੱਤਾ ਹੈ। ਨੋਟਿਸ ਵਿਚ ਕਿਹਾ ਗਿਆ ਹੈ ਕਿ ਜੇਕਰ ਉਹ ਨਿੱਜੀ ਤੌਰ ‘ਤੇ ਹਾਜ਼ਰ ਨਹੀਂ ਹੁੰਦੇ, ਤਾਂ ਉਨ੍ਹਾਂ ਖਿਲਾਫ਼ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਜ਼ਿਕਰਯੋਗ ਹੈ ਕਿ ਵਿਸ਼ੇਸ਼ ਜਾਂਚ ਟੀਮ ਨੇ 24 ਫਰਵਰੀ ਨੂੰ 7 ਹਜ਼ਾਰ ਪੰਨਿਆਂ ਦਾ ਚਲਾਨ ਅਦਾਲਤ ਵਿਚ ਪੇਸ਼ ਕੀਤਾ ਸੀ। ਇਸ ਕੇਸ ਵਿਚ ਪਰਮਰਾਜ ਸਿੰਘ ਉਮਰਾਨੰਗਲ, ਸਮੇਧ ਸੈਣੀ ਅਤੇ ਸਾਬਕਾ ਐੱਸ.ਐੱਸ.ਪੀ. ਚਰਨਜੀਤ ਸ਼ਰਮਾ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ, ਜਦੋਂਕਿ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਸਾਬਕਾ ਐੱਸ.ਐੱਸ.ਪੀ. ਸੁਖਮਿੰਦਰ ਸਿੰਘ ਮਾਨ, ਡੀ.ਆਈ.ਜੀ. ਅਮਰ ਸਿੰਘ ਚਾਹਲ ਨੂੰ ਇਸ ਕੇਸ ਵਿਚ ਅਜੇ ਤੱਕ ਕਿਸੇ ਵੀ ਅਦਾਲਤ ਵਿਚੋਂ ਜ਼ਮਾਨਤ ਨਹੀਂ ਮਿਲੀ। ਇਸ ਚਲਾਨ ਵਿਚ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਕੋਟਕਪੂਰਾ ਗੋਲੀ ਕਾਂਡ ਦਾ ਮੁੱਖ ਸਾਜਿਸ਼ਘਾੜਾ ਦੱਸਿਆ ਗਿਆ ਹੈ, ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਉੱਪਰ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਵਿਚ ਸਹਿਯੋਗ ਦੇਣ ਦੇ ਦੋਸ਼ ਹਨ। ਇਸੇ ਦਰਮਿਆਨ ਵਿਸ਼ੇਸ਼ ਜਾਂਚ ਟੀਮ ਨੇ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਨੂੰ ਅੱਗੇ ਤੋਰਦਿਆਂ 14 ਅਕਤੂਬਰ, 2015 ਨੂੰ ਕੋਟਕਪੂਰਾ ਗੋਲੀ ਕਾਂਡ ਤੋਂ ਕੁਝ ਮਿੰਟ ਪਹਿਲਾਂ ਦੀ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਆਮ ਲੋਕਾਂ ਨੂੰ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ, ਜੋ ਸ਼ਾਂਤਮਈ ਧਰਨੇ ਦੇ ਪਿਛਲੇ ਪਾਸੇ ਹਥਿਆਰਬੰਦ ਹੋ ਕੇ ਘੁੰਮ ਰਿਹਾ ਹੈ। ਕੋਟਕਪੂਰਾ ਗੋਲੀ ਕਾਂਡ ਵਿਚ ਜਲਦ ਹੀ ਇੱਕ ਹੋਰ ਚਲਾਨ ਵੀ ਅਦਾਲਤ ਵਿਚ ਪੇਸ਼ ਹੋਣ ਦੀ ਸੰਭਾਵਨਾ ਹੈ। ਅਦਾਲਤ ਨੇ ਥਾਣਾ ਸਿਟੀ ਕੋਟਕਪੂਰਾ ਦੇ ਸਾਬਕਾ ਐੱਸ.ਐੱਚ.ਓ. ਗੁਰਦੀਪ ਸਿੰਘ ਨੂੰ ਵੀ ਨੋਟਿਸ ਜਾਰੀ ਕੀਤਾ ਹੈ। ਜਾਂਚ ਟੀਮ ਨੇ ਐੱਸ.ਐੱਚ.ਓ. ਗੁਰਦੀਪ ਸਿੰਘ ਖਿਲਾਫ਼ ਵੀ ਚਲਾਨ ਪੇਸ਼ ਕੀਤਾ ਹੈ। ਇਸ ਮੁਕੱਦਮੇ ਵਿਚ ਪਹਿਲਾਂ ਧਰਨਾਕਾਰੀਆਂ ਨੂੰ ਮੁਲਜ਼ਮ ਬਣਾਇਆ ਗਿਆ ਸੀ ਪਰ ਜਾਂਚ ਟੀਮ ਨੇ ਹੁਣ ਖੁਲਾਸਾ ਕੀਤਾ ਹੈ ਕਿ ਗੁਰਦੀਪ ਸਿੰਘ ਪੰਧੇਰ ਨੇ ਕਥਿਤ ਤੌਰ ‘ਤੇ ਸਾਜਿਸ਼ ਰਚ ਕੇ ਬੇਕਸੂਰ ਲੋਕਾਂ ਖਿਲਾਫ਼ ਝੂਠਾ ਪਰਚਾ ਦਰਜ ਕਰਕੇ ਖੁਦ ਅਤੇ ਬਾਕੀ ਮੁਲਜ਼ਮਾਂ ਨੂੰ ਗੋਲੀਕਾਂਡ ਤੋਂ ਬਾਅਦ ਪੈਦਾ ਹੋਏ ਹਾਲਾਤ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ।
ਚਾਰ ਅਧਿਕਾਰੀਆਂ ਤੋਂ ਸਿਟ ਨੇ ਕੀਤੀ ਪੁੱਛ-ਗਿੱਛ
ਚੰਡੀਗੜ੍ਹ : ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਸਮੇਂ ਵਾਪਰੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਦੇ ਮਾਮਲੇ ਵਿਚ ਇਕ ਆਈ.ਏ.ਐੱਸ. ਤੇ ਤਿੰਨ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀਆਂ ਤੋਂ ਸਿਟ ਨੇ ਪੁੱਛ-ਪੜਤਾਲ ਕੀਤੀ ਗਈ। ਚੰਡੀਗੜ੍ਹ ਦੇ ਸੈਕਟਰ-32 ਸਥਿਤ ਪੰਜਾਬ ਪੁਲਿਸ ਅਫ਼ਸਰ ਇੰਸਟੀਚਿਊਟ ‘ਚ ਵਧੀਕ ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ਹੇਠਲੀ ਸਿਟ ਅੱਗੇ ਇਹ ਅਧਿਕਾਰੀ ਵਾਰੋ-ਵਾਰੀ ਪੇਸ਼ ਹੋਏ। ਸਿਟ ਨੇ ਸਵੇਰੇ 11 ਵਜੇ ਦੇ ਕਰੀਬ ਪੁੱਛ-ਗਿੱਛ ਸ਼ੁਰੂ ਕੀਤੀ ਸੀ, ਜੋ ਰਾਤ ਅੱਠ ਵਜੇ ਤੱਕ ਜਾਰੀ ਰਹੀ। ਜਾਣਕਾਰੀ ਅਨੁਸਾਰ ਸਿਟ ਨੇ ਸਭ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਸਕੱਤਰ ਵਜੋਂ ਤਾਇਨਾਤ ਰਹੇ ਆਈ.ਏ.ਐੱਸ. ਅਧਿਕਾਰੀ ਗਗਨਦੀਪ ਸਿੰਘ ਬਰਾੜ ਅਤੇ ਸਾਬਕਾ ਡੀ.ਜੀ.ਪੀ. ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਪੁੱਛ-ਗਿੱਛ ਕਰਕੇ ਉਨ੍ਹਾਂ ਨੂੰ ਫਾਰਗ ਕਰ ਦਿੱਤਾ। ਉਸ ਤੋਂ ਬਾਅਦ ਏ.ਡੀ.ਜੀ.ਪੀ. ਰੋਹਿਤ ਚੌਧਰੀ ਅਤੇ ਡੀ.ਆਈ.ਜੀ. ਆਰ.ਐੱਸ. ਖੱਟੜਾ ਤੋਂ ਪੁੱਛ-ਪੜਤਾਲ ਕੀਤੀ ਗਈ। ਸੂਤਰਾਂ ਅਨੁਸਾਰ ਸਿਟ ਨੇ ਚਾਰੋਂ ਅਧਿਕਾਰੀਆਂ ਤੋਂ ਕੋਟਕਪੂਰਾ ਗੋਲੀ ਕਾਂਡ ਬਾਰੇ ਸਵਾਲ ਕੀਤੇ। ਸਿਟ ਵੱਲੋਂ ਬੀਤੇ ਦਿਨੀਂ ਜਾਰੀ ਕੀਤੀ ਵੀਡੀਓ ਬਾਰੇ ਵੀ ਪੁੱਛ-ਪੜਤਾਲ ਕੀਤੀ ਗਈ ਹੈ। ਗੌਰਤਲਬ ਹੈ ਕਿ ਸਿਟ ਵੱਲੋਂ ਚਾਰੋਂ ਅਧਿਕਾਰੀਆਂ ਕੋਲੋਂ ਪਹਿਲਾਂ ਵੀ ਪੁੱਛ-ਪੜਤਾਲ ਕੀਤੀ ਜਾ ਚੁੱਕੀ ਹੈ। ਸਿਟ ਨੇ ਕੁਝ ਦਿਨ ਪਹਿਲਾਂ ਹੀ ਫਰੀਦਕੋਟ ਦੀ ਸਬੰਧਤ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਹੈ, ਜਿਸ ‘ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸਿੰਘ ਸੈਣੀ ਸਣੇ ਹੋਰਾਂ ਦੇ ਨਾਮ ਸ਼ਾਮਲ ਹਨ।

Leave a comment