ਸੈਕਰਾਮੈਂਟੋ, ਕੈਲੀਫੋਰਨੀਆ, 4 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਕੈਲੀਬਾਈਕ ਕੰਪਨੀ ਜਿਸ ਦੀ ਅਗਵਾਈ ਭਾਰਤ ਦੇ ਲਖਨਊ ਸ਼ਹਿਰ ਵਿਚ ਪੈਦਾ ਹੋਏ ਰੇਫ ਹੁਸੈਨ ਦੇ ਹੱਥ ਵਿਚ ਹੈ, ਨੇ ਵਾਤਾਵਰਣ ਪੱਖੀ ਈਕੋ ਬਾਈਕ ਬਜ਼ਾਰ ਵਿਚ ਲਿਆਂਦੀ ਹੈ। ਇਸ ਇਲੈਕਟ੍ਰਿਕ ਬਾਈਕ ਨੂੰ ਜਾਰੀ ਕਰਨ ਲਈ ਕੋਰੋਨਾ ਸਿਟੀ ਕੌਂਸਲ ਹਾਲ ਵਿਚ ਸਮਾਗਮ ਹੋਇਆ। ਇਸ ਬਾਈਕ ਨੂੰ ਕੈਲੀਫੋਰਨੀਆ ਵੱਲੋਂ ਵਾਤਾਵਰਣ ਪੱਖੀ ਆਵਾਜਾਈ ਦੇ ਸਾਧਨ ਸੜਕਾਂ ਉਪਰ ਲਿਆਉਣ ਦੀਆਂ ਕੋਸ਼ਿਸ਼ਾਂ ਤਹਿਤ ਜਾਰੀ ਕੀਤਾ ਗਿਆ ਹੈ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਕੋਰੋਨਾ ਸ਼ਹਿਰ ਦੇ ਮੇਅਰ ਟਾਮ ਰਿਚਿਨਸ ਹਾਜਰ ਸਨ ਜਿਨਾਂ ਨੇ ਕੈਲੀਬਾਈਕ ਕੰਪਨੀ ਦੇ ਦੂਰ ਅੰਦੇਸ਼ੀ ਦ੍ਰਿਸ਼ਟੀਕੋਨ ਨੂੰ ਸਰਾਹਿਆ। ਉਨਾਂ ਨੇ ਸ਼ਹਿਰ ਦੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਟਿਕਾਊ ਗਤੀਸ਼ੀਲ ਸਾਧਨਾਂ ਉਪਰ ਜੋਰ ਦਿੱਤਾ। ਮੇਅਰ ਨੇ ਭਵਿੱਖ ਨੂੰ ਹਰਿਆ ਭਰਿਆ ਬਣਾਈ ਰਖਣ ਲਈ ਕੈਲੀਬਾਈਕ ਵਰਗੀਆਂ ਕੰਪਨੀਆਂ ਦੀ ਭੂਮਿਕਾ ਦੀ ਸ਼ਲਾਘਾ ਕੀਤੀ। ਰੇਫ ਹੁਸੈਨ ਨੇ ਇਸ ਮੌਕੇ ਕਿਹਾ ਕਿ ਕੈਲੀਬਾਈਕ ਵੱਡੀ ਪੱਧਰ ‘ਤੇ ਹਰਿਆਵਲ ਵੱਲ ਵਧਣ ਦੀਆਂ ਕੋਸ਼ਿਸ਼ਾਂ ਦਾ ਇਕ ਹਿੱਸਾ ਹੈ। ਕੰਪਨੀ ਬਰਾਈਟਲਾਈਨ ਵੈਸਟ ਵਰਗੇ ਵੱਡੀ ਪੱਧਰ ਵਾਲੇ ਬੁਨਿਆਦੀ ਪ੍ਰਾਜੈਕਟ ਉਪਰ ਕੰਮ ਕਰ ਰਹੀ ਹੈ ਜਿਸ ਤਹਿਤ ਇਕ ਉੱਚ ਰਫਤਾਰ ਵਾਲੀ ਰੇਲ ਪ੍ਰਣਾਲੀ ਵਿਕਸਤ ਕੀਤੀ ਜਾਣੀ ਹੈ ਜੋ ਲਾਸ ਵੇਗਾਸ ਤੇ ਦੱਖਣੀ ਕੈਲੀਫੋਰਨੀਆ ਨੂੰ ਆਪਸ ਵਿਚ ਜੋੜੇਗੀ। ਕੰਪਨੀ ਨੇ ਕੋਰੋਨਾ ਸ਼ਹਿਰ ਨੂੰ ਇਲੈਕਟ੍ਰਿਕ ਬਾਈਕਾਂ ਵੀ ਦਾਨ ਕੀਤੀਆਂ ਹਨ ਜੋ ਬਾਈਕਾਂ ਸ਼ਹਿਰ ਦੇ ਪਾਰਕ ਰੇਂਜਰਾਂ ਵੱਲੋਂ ਵਰਤੀਆਂ ਜਾਣਗੀਆਂ।
ਕੈਪਸ਼ਨ ਕੈਲੀਬਾਈਕ ਕੰਪਨੀ ਵੱਲੋਂ ਜਾਰੀ ਬਾਈਕ