#AMERICA

ਕੈਲੀਫੋਰਨੀਆ ਵਿਚ ਇਕ ਯਾਤਰੀ ਰੇਲ ਗੱਡੀ ਦੇ ਟਰੱਕ ਨਾਲ ਟਕਰਾਉਣ ਕਾਰਨ 16 ਲੋਕ ਜ਼ਖਮੀ

 * ਟਰੱਕ ਹੋਇਆ ਪੂਰੀ ਤਰਾਂ ਤਬਾਹ

ਸੈਕਰਾਮੈਂਟੋ,ਕੈਲੀਫੋਰਨੀਆ 2 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਦੱਖਣੀ ਕੈਲੀਫੋਰਨੀਆ ਵਿਚ ਇਕ ਯਾਤਰੀ ਰੇਲ ਗੱਡੀ ਦੇ ਟਰੱਕ ਨਾਲ ਟਕਰਾਉਣ ਕਾਰਨ ਘੱਟੋ ਘੱਟ 16 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਟਰੱਕ ਨਾਲ ਟਕਰਾਉਣ ਉਪਰੰਤ ਰੇਲ ਗੱਡੀ ਅੰਸ਼ਕ ਰੂਪ ਵਿਚ ਪੱਟੜੀ ਤੋਂ ਲਹਿ ਗਈ ਜਦ ਕਿ ਟਰੱਕ ਪੂਰੀ ਤਰਾਂ ਤਬਾਹ ਹੋ ਗਿਆ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਹਾਦਸੇ ਕਾਰਨ ਰੇਲ ਪੱਟੜੀ ਉਪਰ ਆਵਾਜਾਈ ਰੋਕ ਦਿੱਤੀ ਗਈ। ਵੈਂਟੁਰਾ ਕਾਊਂਟੀ ਫਾਇਰ ਵਿਭਾਗ ਅਨੁਸਾਰ ਟਰੱਕ ਦੇ ਡਰਾਈਵਰ ਨੂੰ ਟਰੌਮਾ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ ਜਦ ਕਿ ਇਕ ਹੋਰ ਯਾਤਰੀ ਨੂੰ ਮੈਡੀਕਲ ਸੈਂਟਰ ਲਿਜਾਇਆ ਗਿਆ ਹੈ । ਬਾਕੀ 14 ਯਾਤਰੀਆਂ ਦੇ ਮਾਮਲੀ ਸੱਟਾਂ ਵੱਜੀਆਂ ਹਨ। ਵਿਭਾਗ ਨੇ ਕਿਹਾ ਹੈ ਕਿ ਕੋਸਟ ਸਟਾਰਲਾਈਟ ਟਰੇਨ ਦੇ ਬਾਕੀ ਯਾਤਰੀ ਸੁਰੱਖਿਅਤ ਹਨ। ਰੇਲ ਸੇਵਾਵਾਂ ਦੇੇ ਆਪਰੇਟਰ ਐਮਟਰੈਕ ਨੇ ਕਿਹਾ ਹੈ ਕਿ ਟਰੇਨ ਨੰਬਰ 14 ਲਾਸ ਏਂਜਲਸ ਤੋਂ ਸੀਆਟਲ ਜਾ ਰਹੀ ਜਦੋਂ ਸਵੇਰੇ 11.15 ਵਜੇ ਮੂਰਪਾਰਕ ,ਕੈਲੀਫੋਰਨੀਆ ਵਿਖੇ ਪੱਟੜੀ ਉਪਰ ਖੜੇ ਟਰੱਕ ਨਾਲ ਟਕਰਾ ਗਈ। ਐਮਟਰੈਕ ਅਨੁਸਾਰ ਰੇਲ ਗੱਡੀ ਅੰਸ਼ਕ ਰੂਪ ਵਿਚ ਪੱਟੜੀ ਤੋਂ ਲੱਥੀ ਹੈ ਤੇ ਉਹ ਸਿੱਧੀ ਖੜੀ ਹੈ। ਐਮਟਰੈਕ ਅਨੁਸਾਰ ਰੇਲ ਗੱਡੀ ਵਿਚ ਕੁਲ 198 ਯਾਤਰੀ ਤੇ 13 ਅਮਲੇ ਦੇ ਮੈਂਬਰ ਸਵਾਰ ਸਨ। ਉਨਾਂ ਕਿਹਾ ਕਿ ਯਾਤਰੀਆਂ ਲਈ ਬਦਲਵੇਂ ਆਵਾਜਾਈ ਦੇ ਸਾਧਨਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
ਕੈਪਸ਼ਨ: ਦੱਖਣੀ ਕੈਲੀਫੋਰਨੀਆ ਵਿਚ ਰੇਲ ਗੱਡੀ ਦੀ ਟਰੱਕ ਨਾਲ ਹੋਈ ਟੱਕਰ ਦਾ ਦ੍ਰਿਸ਼

Leave a comment