#AMERICA

ਕੈਲੀਫੋਰਨੀਆ ਦੇ ਸ਼ਹਿਰ ਲਿੰਡਸੇ ਦੇ ”ਤੂਤਾਂ ਵਾਲਾ ਖੂਹ” ਵਿਖੇ ਲੱਗੀਆਂ ਤੀਆਂ ਤੇ ਹੋਈ ਪਰਿਵਾਰਕ ਮਿਲਣੀ

ਲਿੰਡਸੇ (ਕੈਲੀਫੋਰਨੀਆ), 20 ਸਤੰਬਰ (ਧਾਲੀਆਂ/ਮਾਛੀਕੇ/ਪੰਜਾਬ ਮੇਲ)- ਹਰ ਇਨਸਾਨ ਦੀ ਜ਼ਿੰਦਗੀ ਵਿਚ ਆਪਣੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਤਰੱਕੀਆਂ ਕਰਨ ਦਾ ਜਨੂੰਨ ਹੁੰਦਾ ਹੈ। ਇਸੇ ਜਨੂੰਨ ਦੇ ਚੱਲਦਿਆਂ ਉਹ ਦੂਜਿਆਂ ਨੂੰ ਦੇਖ ਤਰੱਕੀਆਂ ਤਾਂ ਬਹੁਤ ਕਰ ਲੈਂਦਾ ਹੈ। ਪਰ ਜਾਣੇ-ਅਨਜਾਣੇ ਆਪਣੇ ਸੱਭਿਆਚਾਰ, ਵਿਰਸੇ ਤੋਂ ਬਹੁਤ ਦੂਰ ਹੋ ਜਾਂਦਾ ਹੈ। ਪਰ ਉਹ ਲੋਕ ਬਹੁਤ ਖੁਸ਼ਕਿਸਮਤ ਹੁੰਦੇ ਹਨ, ਜੋ ਆਪਣੀ ਤਰੱਕੀ ਦੇ ਨਾਲ-ਨਾਲ ਆਪਣੇ ਵਿਰਸੇ ਨੂੰ ਲੈ ਕੇ ਚੱਲਦੇ ਹਨ। ਇਸੇ ਦੀ ਮਿਸਾਲ ਕੈਲੀਫੋਰਨੀਆਂ ਦੇ ਸ਼ਹਿਰ ਲਿੰਡਸੇ ਵਿਚ ਬਣਿਆ ”ਤੂਤਾਂ ਵਾਲਾ ਖੂਹ” ਹੈ, ਜਿਸ ਨੂੰ ਅਰਵਿੰਦਰ ਸਿੰਘ ਲਾਖਨ ਅਤੇ ਪਰਿਵਾਰ ਨੇ ਬੜੀ ਮਿਹਨਤ ਅਤੇ ਲਗਨ ਨਾਲ ਪੰਜਾਬ ਦੇ ਵਿਰਾਸਤੀ ਰੰਗਾਂ ਵਿਚ ਰੰਗਿਆ ਹੈ। ਜਿਸ ਨੂੰ ਦੇਖਣ ਦੂਰ-ਦੁਰਾਡੇ ਤੋਂ ਲੋਕ ਪਹੁੰਚ ਸ਼ਲਾਘਾ ਕਰਦੇ ਹਨ।
ਇਸੇ ”ਤੂਤਾਂ ਵਾਲੇ ਖੂਹ” ‘ਤੇ ਅਰਵਿੰਦਰ ਸਿੰਘ ਲਾਖਨ ਵੱਲੋਂ ਕੁਲਵੀਰ ਸਿੰਘ ਹੇਅਰ ਅਤੇ ਹੋਰ ਦੋਸਤਾਂ ਦੇ ਸਹਿਯੋਗ ਨਾਲ ਤੀਆਂ ਦਾ ਤਿਉਹਾਰ ਅਤੇ ਪਰਿਵਾਰਕ ਮਿਲਣੀ ਕਰਵਾਈ ਗਈ। ਇਸ ਸਮੇਂ ਲੱਗੀਆਂ ਤੀਆਂ ਦਾ ਮਾਹੌਲ ਬਿਲਕੁਲ ਪੰਜਾਬ ਦੇ ਵਿਰਾਸਤੀ ਵਿਆਹ ਵਰਗਾ ਸੀ। ਜਿੱਥੇ ਡਹੇ ਮੰਜੇ, ਚਰਖਾ, ਮਧਾਣੀ, ਸੰਗੀਤਕ ਸਾਜ ਅਤੇ ਹੋਰ ਵਿਰਾਸਤੀ ਵਸਤਾਂ ਵਿਸਰ ਰਹੀਆਂ ਪੰਜਾਬ ਦੀਆਂ ਰਸਮਾਂ ਨੂੰ ਜੀਵਤ ਕਰ ਰਹੀਆਂ ਸਨ।
ਇਸ ਸਮੇਂ ਤੀਆਂ ਦੀ ਸ਼ੁਰੂਆਤ ਪੱਤਰਕਾਰ ਕੁਲਵੀਰ ਹੇਅਰ ਦੀ ਬੇਟੀ ਆਂਚਲ ਹੇਅਰ ਨੇ ਸਭ ਨੂੰਜੀ ਆਇਆਂ ਕਹਿਣ ਨਾਲ ਕੀਤੀ। ਇਸ ਉਪਰੰਤ ਕਈ ਘੰਟੇ ਚੱਲਿਆ ਲਾਈਵ ਬੋਲੀਆਂ ਪਾਉਂਦੇ ਹੋਏ ਗਿੱਧਾ। ਜਿਸ ਵਿਚ ਹਾਜ਼ਰ ਔਰਤਾਂ ਨੇ ਇੱਕ-ਦੂਜੇ ਨਾਲੋਂ ਵੱਧ-ਚੜ੍ਹ ਕੇ ਬੋਲੀਆਂ ਪਾਈਆਂ। ਇਨ੍ਹਾਂ ਤੀਆਂ ਦਾ ਮਾਹੌਲ ਬਿਲਕੁਲ ਵਿਰਾਸਤੀ ਰੰਗ ਵਿਚ ਰੰਗਿਆ ਹੋਇਆ ਸੀ। ਜੋ ਅੱਜ ਵੀ ਪੰਜਾਬ ਦੇ ਅਮੀਰ ਵਿਰਸੇ ਦੀ ਵਿਦੇਸ਼ਾਂ ਵਿਚ ਝਲਕ ਪੇਸ਼ ਕਰ ਰਿਹਾ ਸੀ। ਇਸ ਪ੍ਰੋਗਰਾਮ ਦੌਰਾਨ ਖੂਬ ਰੌਣਕਾਂ ਲੱਗੀਆਂ ਹੋਈਆਂ ਸਨ। ਹਰ ਕੋਈ ਆਪਣੇ ਆਪ ਨੂੰ ਪੰਜਾਬ ਵਿਚ ਬੈਠਾ ਮਹਿਸੂਸ ਕਰ ਰਿਹਾ ਸੀ।
ਔਰਤਾਂ ਦੁਆਰਾ ਲੱਗੀਆਂ ਤੀਆਂ ਦੀ ਸਮਾਪਤੀ ਉਪਰੰਤ ਹਾਜ਼ਰ ਆਦਮੀਆਂ ਵੱਲੋਂ ਵੀ ਇੱਕ ਸ਼ਾਨਦਾਰ ਮਹਿਫ਼ਲ ਦਾ ਆਗਾਜ਼ ਕੀਤਾ ਗਿਆ। ਜਿਸ ਵਿਚ ਦਿਲਦਾਰ ਮਿਊਜ਼ੀਕਲ ਗਰੁੱਪ ਕੈਲੀਫੋਰਨੀਆ ਦੇ ਗਾਇਕ ਰਾਣਾ ਗਿੱਲ, ਗੈਰੀ ਢੇਸੀ ਅਤੇ ਅਵਤਾਰ ਗਿੱਲ ਨੇ ਖੂਬ ਰੰਗ ਬੰਨ੍ਹੇ। ਜਦਕਿ ਉਸਤਾਦ ਲਾਲ ਚੰਦ ਯਮਲਾ ਦੇ ਸ਼ਾਗਿਰਦ ਰਾਜ ਬਰਾੜ ਨੇ ਵੀ ਨਵੇਂ ਗੀਤ ਗਾ ਸਰੋਤੇ ਕੀਲ ਰੱਖੇ। ਸਮੁੱਚੇ ਪ੍ਰੋਗਰਾਮ ਨੂੰ ਸੰਗੀਤ ਪੱਪੀ ਭਦੌੜ, ਅਮਰੀਕ ਸਿੰਘ ਅਤੇ ਜੋਗਿੰਦਰ ਜੋਗੀ ਨੇ ਦਿੱਤਾ। ਇਸ ਸਾਰੇ ਪ੍ਰੋਗਰਾਮ ਦੌਰਾਨ ਤੀਆਂ ਸਮੇਂ ਸਟੇਜ ਸੰਚਾਲਨ ਆਂਚਲ ਕੌਰ ਹੇਅਰ ਨੇ ਬਹੁਤ ਖੂਬਸੂਰਤ ਗੀਤ ਅਤੇ ਬੋਲੀਆਂ ਪਾਉਂਦੇ ਹੋਏ ਕੀਤਾ। ਜਦਕਿ ਆਦਮੀਆਂ ਦੀ ਸੰਗੀਤਕ ਮਹਿਫਲ ਦਾ ਸਟੇਜ ਸੰਚਾਲਨ ਕੁਲਵੰਤ ਧਾਲੀਆਂ ਨੇ ਬਾਖੂਬੀ ਕੀਤਾ। ਇਸ ਸਮੇਂ ਅਰਵਿੰਦਰ ਸਿੰਘ ਲਾਖਨ, ਕੁਲਵੀਰ ਹੇਅਰ ਅਤੇ ਹੋਰ ਬੁਲਾਰਿਆਂ ਨੇ ਬੋਲਦੇ ਹੋਏ ਸਭ ਨੂੰ ਵਧਾਈ ਦਿੱਤੀ। ਸਭ ਹਾਜ਼ਰੀਨ ਲਈ ਸੁਆਦਿਸ਼ਟ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਅੰਤ ਆਪਣੀਆਂ ਅਮਿੱਟ ਪੈੜਾਂ ਛੱਡਦਾ ਤੂਤਾਂ ਵਾਲੇ ਖੂਹ ਦਾ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।

Leave a comment