ਲਾਸ ਏਂਜਲਸ, 18 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਦੇ ਜੰਗਲਾਂ ਵਿਚ ਪਿਛਲੇ ਕਈ ਦਿਨਾਂ ਤੋਂ ਲੱਗੀ ਅੱਗ ਨੂੰ ਕਾਬੂ ਕਰਨ ਲਈ ਹਜ਼ਾਰਾਂ ਫਾਇਰਫਾਈਟਰ ਅਜੇ ਵੀ ਸੰਘਰਸ਼ ਕਰ ਰਹੇ ਹਨ। ਦੱਖਣੀ ਕੈਲੀਫੋਰਨੀਆ ਵਿੱਚ ਭਿਆਨਕ ਜੰਗਲੀ ਅੱਗ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 12,300 ਢਾਂਚੇ ਤਬਾਹ ਹੋ ਗਏ ਹਨ। ਸਥਾਨਕ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੈਲੀਸੇਡਸ ਅੱਗ ਲਾਸ ਏਂਜਲਸ ਖੇਤਰ ਵਿਚ ਸਭ ਤੋਂ ਵੱਡੀ ਸਰਗਰਮ ਜੰਗਲੀ ਅੱਗ ਹੈ, ਜਿਸਨੇ 23,713 ਏਕੜ ਖੇਤਰ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। 7 ਜਨਵਰੀ ਨੂੰ ਲੱਗੀ ਅੱਗ ‘ਤੇ 31 ਫੀਸਦੀ ਕਾਬੂ ਪਾ ਲਿਆ ਗਿਆ ਹੈ। ਕੈਲੀਫੋਰਨੀਆ ਫਾਇਰ ਵਿਭਾਗ ਅਨੁਸਾਰ, ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ ਅਤੇ ਅੱਗ ਦੇ ਮੌਜੂਦਾ ਦਾਇਰੇ ਦੇ ਅੰਦਰ ਰਹਿਣ ਦੀ ਉਮੀਦ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਵੀਰਵਾਰ ਨੂੰ ਕੁਝ ਨਿਕਾਸੀ ਆਦੇਸ਼ ਹਟਾਏ ਜਾਣ ਤੋਂ ਬਾਅਦ ਘੱਟੋ-ਘੱਟ 11,000 ਵਸਨੀਕ ਆਪਣੇ ਘਰਾਂ ਨੂੰ ਵਾਪਸ ਜਾ ਸਕਣਗੇ ਪਰ ਉਨ੍ਹਾਂ ਨੂੰ ਰਿਹਾਇਸ਼ ਦਾ ਸਬੂਤ ਦਿਖਾਉਣਾ ਪਵੇਗਾ, ਜਦੋਂਕਿ ਜੰਗਲ ਦੀ ਅੱਗ ਨਾਲ ਤਬਾਹ ਹੋਏ ਕੁਝ ਹੋਰ ਖੇਤਰ ਅਜੇ ਵੀ ਜਨਤਾ ਲਈ ਨਹੀਂ ਖੁੱਲ੍ਹਣਗੇ।
ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ‘ਤੇ ਕਾਬੂ ਪਾਉਣ ਲਈ ਹਾਲੇ ਵੀ ਸੰਘਰਸ਼ ਜਾਰੀ
