#AMERICA

ਕੈਲੀਫੋਰਨੀਆ ਦੇ ਜੰਗਲਾਂ ‘ਚ ਲੱਗੀ ਅੱਗ ਕਾਰਨ ਆਸਕਰ ਪੁਰਸਕਾਰਾਂ ਲਈ ਨਾਮਜ਼ਦਗੀ ਦੇ ਐਲਾਨ ‘ਚ ਦੇਰ

ਨਿਊਯਾਰਕ, 15 ਜਨਵਰੀ (ਪੰਜਾਬ ਮੇਲ)- ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਇਲਾਕੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ਕਾਰਨ 97ਵੇਂ ਅਕਾਦਮੀ ਪੁਰਸਕਾਰਾਂ ਲਈ ਨਾਮਜ਼ਦਗੀ ਦੇ ਐਲਾਨ ਨੂੰ ਹਫ਼ਤੇ ਲਈ ਅੱਗੇ ਪਾ ਦਿੱਤਾ ਗਿਆ ਹੈ। ‘ਅਕੈਡਮੀ ਆਫ਼ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼’ ਨੇ ਦੱਸਿਆ ਕਿ ਹੁਣ ਨਾਮਜ਼ਦਗੀ ਦਾ ਐਲਾਨ 23 ਜਨਵਰੀ ਨੂੰ ਕੀਤਾ ਜਾਵੇਗਾ। ਅਕੈਡਮੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬਿਲ ਕ੍ਰੇਮਰ ਅਤੇ ਪ੍ਰਧਾਨ ਜੇਨੇਟ ਯਾਂਗ ਨੇ ਇਕ ਸਾਂਝੇ ਬਿਆਨ ਵਿਚ ਕਿਹਾ, ”ਅਸੀਂ ਸਾਰੇ ਅੱਗ ਦੇ ਪ੍ਰਭਾਵ ਅਤੇ ਇਥੇ ਵੱਡੇ ਪੱਧਰ ‘ਤੇ ਲੋਕਾਂ ਦੇ ਹੋਏ ਗੰਭੀਰ ਨੁਕਸਾਨ ਕਾਰਨ ਦੁਖੀ ਹਾਂ।” ਉਨ੍ਹਾਂ ਕਿਹਾ ਕਿ ਲਾਸ ਏਂਜਲਸ ਇਲਾਕੇ ‘ਚ ਅੱਗ ਲੱਗੀ ਹੋਣ ਕਾਰਨ ਫ਼ਿਲਮ ਅਕੈਡਮੀ ਨੇ ਆਪਣੇ ਮੈਂਬਰਾਂ ਲਈ ਨਾਮਜ਼ਦਗੀ ਮਤਦਾਨ ਦਾ ਸਮਾਂ ਸ਼ੁੱਕਰਵਾਰ ਤੱਕ ਵਧਾ ਦਿੱਤਾ। ਉਨ੍ਹਾਂ ਕਿਹਾ ਕਿ 97ਵਾਂ ਆਸਕਰ ਪੁਰਸਕਾਰ ਸਮਾਗਮ 2 ਮਾਰਚ ਨੂੰ ਡੌਲਬੀ ਥੀਏਟਰ ਵਿਚ ਹੋਵੇਗਾ।