– ਹੁਣ ਤੱਕ 30 ਦੇ ਕਰੀਬ ਮੌਤਾਂ, 15 ਹਜ਼ਾਰ ਬਿਲਡਿੰਗਾਂ ਸੜ ਕੇ ਸੁਆਹ
– 60 ਹਜ਼ਾਰ ਸੁਕੇਅਰ ਮੀਲ ‘ਚ ਫੈਲੀ ਅੱਗ; ਅੱਗਾਂ ਹਾਲੇ ਵੀ ਜਾਰੀ
ਲਾਸ ਏਂਜਲਸ (ਅਮਰੀਕਾ), 14 ਜਨਵਰੀ (ਪੰਜਾਬ ਮੇਲ)- ਲਾਸ ਏਂਜਲਸ ਦੇ ਇਤਿਹਾਸ ਦੀ ਸਭ ਤੋਂ ਭਿਆਨਕ ਜੰਗਲ ਦੀ ਅੱਗ ਸ਼ਹਿਰ ਭਰ ਵਿਚ ਫੈਲ ਗਈ ਹੈ। ਕੈਲੀਫੋਰਨੀਆ ਦੇ ਲਾਸ ਏਂਜਲਸ ਖੇਤਰ ‘ਚ ਫੈਲੀ ਇਸ ਭਿਆਨਕ ਅੱਗ ‘ਚ ਮਰਨ ਵਾਲਿਆਂ ਦੀ ਗਿਣਤੀ 30 ਦੇ ਕਰੀਬ ਹੋ ਗਈ ਹੈ ਅਤੇ 15 ਹਜ਼ਾਰ ਤੋਂ ਵੱਧ ਘਰ ਅਤੇ ਕਾਰੋਬਾਰ ਤਬਾਹ ਹੋ ਗਏ ਹਨ। ਰਿਪੋਰਟਾਂ ਅਨੁਸਾਰ ਇਹ ਅੱਗ 60 ਹਜ਼ਾਰ ਸੁਕੇਅਰ ਮੀਲ ਇਲਾਕੇ ਵਿਚ ਫੈਲੀ ਹੋਈ ਹੈ ਅਤੇ ਤੇਜ਼ ਹਵਾਵਾਂ ਕਾਰਨ ਹਾਲੇ ਵੀ ਅੱਗੇ ਵੱਧ ਰਹੀ ਹੈ। ਸਰਕਾਰੀ ਸੂਤਰਾਂ ਅਨੁਸਾਰ 95 ਹਜ਼ਾਰ ਲੋਕਾਂ ਨੂੰ ਅੱਗ ਦੇ ਘੇਰੇ ਵਿਚੋਂ ਬਾਹਰ ਕੱਢਿਆ ਜਾ ਚੁੱਕਾ ਹੈ। ਜਿੱਥੇ ਸਥਾਨਕ ਸਰਕਾਰ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀ ਹੈ, ਉਥੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਵੀ ਉਨ੍ਹਾਂ ਦੀ ਮਦਦ ਲਈ ਉਥੇ ਪਹੁੰਚ ਗਈਆਂ ਹਨ।
ਅਮਰੀਕੀ ਫਿਲਮ ਇੰਡਸਟਰੀ ਦਾ ਮਸ਼ਹੂਰ ਗੜ੍ਹ ਵੀ ਇਸ ਤੋਂ ਬਚ ਨਹੀਂ ਸਕਿਆ। ਅੱਗ ਵਿਚ ਫਿਲਮੀ ਸਿਤਾਰਿਆਂ ਅਤੇ ਮਸ਼ਹੂਰ ਹਸਤੀਆਂ ਦੇ ਘਰ ਵੀ ਤਬਾਹ ਹੋ ਗਏ। ਇਸ ਅੱਗ ਵਿਚ ਆਸਟ੍ਰੇਲੀਆਈ ਟੀ.ਵੀ. ਅਦਾਕਾਰ ਰੋਰੀ ਸਾਈਕਸ ਦੀ ਵੀ ਮੌਤ ਹੋ ਗਈ। ਅਦਾਕਾਰ ਦੀ ਮਾਂ ਸ਼ੈਲੀ ਸਾਈਕਸ ਨੇ ਇਸਦੀ ਪੁਸ਼ਟੀ ਕੀਤੀ ਹੈ। ਰਿਪੋਰਟਾਂ ਅਨੁਸਾਰ ਲਾਸ ਏਂਜਲਸ ਵਿਚ ਲੱਗੀ ਅੱਗ ਕਾਰਨ ਹੁਣ ਤੱਕ 13 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ।
ਲਾਸ ਏਂਜਲਸ ਕਾਉਂਟੀ ਦੇ ਡੇਢ ਲੱਖ ਲੋਕਾਂ ਨੂੰ ਇਲਾਕਾ ਛੱਡਣ ਦੇ ਹੁਕਮ ਦਿੱਤੇ ਗਏ ਹਨ। ਕੈਲੀਫੋਰਨੀਆ ਅਤੇ ਹੋਰ ਰਾਜਾਂ ਤੋਂ ਭਾਰੀ ਗਿਣਤੀ ਵਿਚ ਫਾਇਰ ਇੰਜਣ, ਹਵਾਈ ਜਹਾਜ਼ ਅਤੇ 14 ਹਜ਼ਾਰ ਤੋਂ ਵੱਧ ਮੁਲਾਜ਼ਮ ਅੱਗ ਬੁਝਾਉਣ ਲਈ ਸੱਦੇ ਗਏ ਹਨ। ਅੱਗ ਬੁਝਾਉਣ ਵਿਚ ਅਮਰੀਕਾ ਦੀ ਮਦਦ ਲਈ ਮੈਕਸੀਕੋ ਤੋਂ ਫਾਇਰਫਾਈਟਰ ਪਹੁੰਚ ਗਏ ਹਨ।
ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਹਫ਼ਤੇ ਹਵਾਵਾਂ ਤੇਜ਼ ਹੋਣਗੀਆਂ, ਜਿਸ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਨੇ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ ਹਨ। ਅਧਿਕਾਰੀਆਂ ਨੇ ਕਿਹਾ ਕਿ ਘੱਟੋ-ਘੱਟ 24 ਲੋਕ ਲਾਪਤਾ ਹਨ ਅਤੇ ਇਹ ਗਿਣਤੀ ਵੱਧ ਸਕਦੀ ਹੈ।
ਰਾਸ਼ਟਰੀ ਮੌਸਮ ਸੇਵਾ ਨੇ ਭਿਆਨਕ ਅੱਗ ਦੀਆਂ ਸਥਿਤੀਆਂ ਲਈ ਇੱਕ ਉੱਚ-ਦਰਜੇ ਦੀ ਚਿਤਾਵਨੀ ਜਾਰੀ ਕੀਤੀ ਹੈ। ਰਾਸ਼ਟਰੀ ਮੌਸਮ ਸੇਵਾ ਨੇ ਖੇਤਰ ਵਿਚ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂਕਿ ਪਹਾੜੀ ਖੇਤਰਾਂ ਵਿਚ 113 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀ ਅਨੁਸਾਰ ਅੱਗ ਹੋਰ ਤੇਜ਼ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਮਾਸਕ ਪਹਿਨਣ ਦੀ ਅਪੀਲ ਕੀਤੀ ਜਾ ਰਹੀ ਹੈ।
ਲਾਸ ਏਂਜਲਸ ਕਾਉਂਟੀ ਸ਼ੈਰਿਫ ਰੌਬਰਟ ਲੂਨਾ ਨੇ ਕਿਹਾ ਕਿ ਈਟਨ-ਖੇਤਰ ਦੀ ਅੱਗ ਵਿਚ ਕਈ ਲੋਕ ਲਾਪਤਾ ਦੱਸੇ ਗਏ ਹਨ। ਕਈ ਹੋਰ ਲੋਕਾਂ ਦੇ ਲਾਪਤਾ ਹੋਣ ਦੀ ਸੰਭਾਵਨਾ ਹੈ ਅਤੇ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਹੁਣ ਤੱਕ ਮਰਨ ਵਾਲਿਆਂ ਵਿਚੋਂ ਕਿੰਨੇ ਲੋਕ ਲਾਪਤਾ ਦੱਸੇ ਗਏ ਲੋਕਾਂ ਵਿਚ ਸ਼ਾਮਲ ਸਨ। ਅਧਿਕਾਰੀਆਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਅਧਿਕਾਰੀਆਂ ਨੇ ਇੱਕ ਕੇਂਦਰ ਸਥਾਪਤ ਕੀਤਾ ਹੈ, ਜਿੱਥੇ ਲਾਪਤਾ ਲੋਕਾਂ ਬਾਰੇ ਜਾਣਕਾਰੀ ਦਰਜ ਕੀਤੀ ਜਾ ਸਕਦੀ ਹੈ। ਅਧਿਕਾਰੀ ਅੱਗ ਨਾਲ ਨੁਕਸਾਨੇ ਗਏ ਜਾਂ ਤਬਾਹ ਹੋਏ ਘਰਾਂ ਦੀ ਇੱਕ ਆਨਲਾਈਨ ਸੂਚੀ ਤਿਆਰ ਕਰ ਰਹੇ ਹਨ। ਸੁਰੱਖਿਆ ਅਧਿਕਾਰੀ ਨੇ ਸ਼ੱਕ ਦੇ ਆਧਾਰ ‘ਤੇ ਇਕ ਵਿਅਕਤੀ ਨੂੰ ਹਿਰਾਸਤ ‘ਚ ਲਿਆ ਹੈ।