#AMERICA

ਕੈਲੀਫੋਰਨੀਆ ਜੱਜ ਵਿਰੁੱਧ ਪਤਨੀ ਦੀ ਹੱਤਿਆ ਕਰਨ ਦੇ ਦੋਸ਼ ਆਇਦ

-ਹੱਤਿਆ ਤੋਂ ਬਾਅਦ ਜੱਜ ਨੇ ਖੁਦ ਹੀ ਅਦਾਲਤ ਨੂੰ ਦਿੱਤੀ ਜਾਣਕਾਰੀ
ਸੈਕਰਾਮੈਂਟੋ, 14 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਦੱਖਣੀ ਕੈਲੀਫੋਰਨੀਆ ਦੇ ਇਕ ਜੱਜ ਵਿਰੁੱਧ ਆਪਣੀ ਪਤਨੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ ਆਇਦ ਕਰਨ ਦੀ ਖਬਰ ਹੈ। ਔਰੇਂਜ ਕਾਊਂਟੀ ਸੁਪਰੀਅਰ ਕੋਰਟ ਜੱਜ ਜੈਫਰੀ ਫਰਗੂਸਨ (72) ਉਪਰ ਦੋਸ਼ ਲਾਏ ਗਏ ਹਨ ਕਿ ਉਸ ਨੇ ਆਪਣੀ ਪਤਨੀ ਸ਼ੈਰਾਇਲ ਫਰਗੂਸਨ (65) ਦੀ ਤਕਰਾਰ ਤੋਂ ਬਾਅਦ ਅਨਾਹੀਮ ਹਿਲਜ਼ ਸਥਿਤ ਆਪਣੇ ਘਰ ਵਿਚ ਹੱਤਿਆ ਕਰ ਦਿੱਤੀ ਸੀ। ਇਹ ਘਟਨਾ ਇਸ ਮਹੀਨੇ ਦੇ ਸ਼ੁਰੂ ਵਿਚ ਵਾਪਰੀ ਸੀ। ਦਾਇਰ ਅਦਾਲਤੀ ਦਸਤਾਵਜ਼ਾਂ ਵਿਚ ਮੁੱਦਈ ਪੱਖ ਨੇ ਦਾਅਵਾ ਕੀਤਾ ਹੈ ਕਿ ਫਰਗੂਸਨ ਨੇ ਘਰ ਤੋਂ ਬਾਹਰ ਰਾਤ ਦਾ ਖਾਣਾ ਖਾਣ ਸਮੇਂ ਆਪਣੀ ਪਤਨੀ ਵੱਲ ਉਂਗਲ ਤਾਣ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਜਦੋਂ ਦੋਨੋਂ ਘਰ ਵਾਪਸ ਆਏ, ਤਾਂ ਪਤਨੀ ਸ਼ੈਰਾਇਲ ਫਰਗੂਸਨ ਨੇ ਆਪਣੇ ਪਤੀ ਨੂੰ ਕਿਹਾ, ਹਿੰਮਤ ਹੈ ਤਾਂ ਮਾਰ ਗੋਲੀ। ਤੂੰ ਮੇਰੇ ‘ਤੇ ਅਸਲ ਹਥਿਆਰ ਤਾਣ ਕੇ ਤਾਂ ਵੇਖ।” ਇਸ ਉਪਰੰਤ ਜੈਫਰੀ ਫਰਗੂਸਨ ਨੇ ਆਪਣੇ ਪਿਸਤੌਲ ਨਾਲ ਸ਼ੈਰਾਇਲ ਫਰਗੂਸਨ ਨੂੰ ਗੋਲੀ ਮਾਰ ਦਿੱਤੀ। ਅਦਾਲਤੀ ਦਸਤਾਵੇਜ਼ਾਂ ਅਨੁਸਾਰ ਇਸ ਦੇ ਕੁਝ ਮਿੰਟ ਬਾਅਦ ਫਰਗੂਸਨ ਨੇ ਆਪਣੇ ਅਦਾਲਤ ਦੇ ਕਲਰਕ ਤੇ ਸ਼ੈਰਿਫ ਦਫਤਰ ਨੂੰ ਮੈਸੇਜ ਭੇਜਿਆ ਕਿ ”ਮੈਂ ਆਪਣੀ ਪਤਨੀ ਨੂੰ ਗੋਲੀ ਮਾਰ ਦਿੱਤੀ ਹੈ, ਮੈਂ ਕੱਲ੍ਹ ਅਦਾਲਤ ਵਿਚ ਨਹੀਂ, ਬਲਕਿ ਪੁਲਿਸ ਹਿਰਾਸਤ ਵਿਚ ਹੋਵਾਂਗਾ। ਮੁਆਫ ਕਰ ਦੇਣਾ।” ਔਰੇਂਜ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਅਨੁਸਾਰ ਫਰਗੂਸਨ ਦੇ ਬਾਲਗ ਪੁੱਤਰ ਵੱਲੋਂ 911 ‘ਤੇ ਫੋਨ ਕਰਕੇ ਦੱਸਿਆ ਗਿਆ ਕਿ ਉਸ ਦੀ ਮਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ। ਇਸ ਉਪਰੰਤ ਅਨਾਹੀਮ ਪੁਲਿਸ ਵਿਭਾਗ ਨੇ ਫਰਗੂਸਨ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁੱਦਈ ਪੱਖ ਅਨੁਸਾਰ ਜੱਜ ਦੇ ਘਰੋਂ ਰਾਈਫਲਾਂ, ਸ਼ਾਟਗੰਨ ਤੇ ਹੈਂਡ ਗੰਨ ਸਮੇਤ 47 ਹਥਿਆਰ ਤੇ 26000 ਕਾਰਤੂਸ ਬਰਾਮਦ ਹੋਏ ਹਨ। ਮੁੱਦਈ ਪੱਖ ਅਨੁਸਾਰ ਜਦੋਂ ਫਰਗੂਸਨ ਨੇ ਆਪਣੀ ਪਤਨੀ ਨੂੰ ਗੋਲੀ ਮਾਰੀ, ਤਾਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਇਸੇ ਦੌਰਾਨ ਫਰਗੂਸਨ ਦੇ ਵਕੀਲਾਂ ਪੌਲ ਮੇਅਰ ਤੇ ਜੌਹਨ ਬਾਰਨੈਟ ਨੇ ਕਿਹਾ ਹੈ ਕਿ ਇਹ ਸਮੁੱਚੇ ਫਰਗੂਸਨ ਪਰਿਵਾਰ ਨਾਲ ਵਾਪਰਿਆ ਦੁਖਾਂਤ ਹੈ। ਇਹ ਅਚਾਨਕ ਵਾਪਰੀ ਘਟਨਾ ਹੈ ਤੇ ਇਸ ਤੋਂ ਵਧ ਕੁਝ ਨਹੀਂ ਹੈ।

Leave a comment