#AMERICA

ਕੈਲੀਫੋਰਨੀਆ ‘ਚ ਸ਼ੈਰਿਫ ਵਿਭਾਗ ਦੇ ਇਕ ਸਾਬਕਾ ਤੇ 3 ਮੌਜੂਦਾ ਮੁਲਾਜ਼ਮਾਂ ਦੀ ਮੌਤ, ਖੁਦਕੁਸ਼ੀ ਦਾ ਸ਼ੱਕੀ ਮਾਮਲਾ

ਸੈਕਰਾਮੈਂਟੋ, 11 ਨਵੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕੀ ਦੇ ਕੈਲੀਫੋਰਨੀਆ ਰਾਜ ਵਿਚ ਸ਼ੈਰਿਫ ਵਿਭਾਗ ਦੇ ਇਕ ਸਾਬਕਾ ਤੇ 3 ਮੌਜੂਦਾ ਮੁਲਾਜ਼ਮਾਂ ਦੀ 24 ਘੰਟਿਆਂ ਦੌਰਾਨ ਮੌਤ ਹੋਣ ਦੀ ਖਬਰ ਹੈ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ, ਹਾਲਾਂਕਿ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਸ਼ੈਰਿਫ ਵਿਭਾਗ ਅਨੁਸਾਰ ਪਹਿਲੀ ਮੌਤ ਸਾਲੇਂਸੀਆ, ਕੈਲੀਫੋਰਨੀਆ ਵਿਚ ਬੀਤੇ ਦਿਨ ਸਵੇਰੇ 10.30 ਵਜੇ ਹੋਣ ਦੀ ਸੂਚਨਾ ਮਿਲੀ। ਦੂਸਰੀ ਮੌਤ ਦੁਪਹਿਰ 1 ਵਜੇ ਤੋਂ ਪਹਿਲਾਂ ਲਾਂਕਾਸਟਰ, ਕੈਲੀਫੋਰਨੀਆ ਵਿਚ ਹੋਈ। ਸ਼ੈਰਿਫ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਤੀਸਰੀ ਮੌਤ ਸ਼ਾਮ 5.40 ਵਜੇ ਸਟੈਵੈਨਸਨ ਰਾਂਚ, ਕੈਲੀਫੋਰਨੀਆ ਵਿਚ ਹੋਣ ਦੀ ਰਿਪੋਰਟ ਮਿਲੀ। ਜਦਕਿ ਚੌਥੀ ਮੌਤ 7.30 ਵਜੇ ਸਵੇਰੇ ਪੋਮੋਨਾ, ਕੈਲੀਫੋਰਨੀਆ ਵਿਚ ਹੋਈ। ਸ਼ੈਰਿਫ ਵਿਭਾਗ ਨੇ ਮ੍ਰਿਤਕ ਮੁਲਾਜ਼ਮਾਂ ਦੇ ਨਾਂ ਜਾਰੀ ਨਹੀਂ ਕੀਤੇ ਹਨ, ਹਾਲਾਂਕਿ ਲਾਸ ਏਂਜਲਸ ਕਾਊਂਟੀ ਡਾਕਟਰੀ ਜਾਂਚ ਵਿਭਾਗ ਨੇ ਮ੍ਰਿਤਕ 3 ਮੁਲਾਜ਼ਮਾਂ ਦੀ ਪਛਾਣ ਕਰ ਲਈ ਹੈ, ਜਿਨ੍ਹਾਂ ਦੀ ਮੌਤ ਦਾ ਕਾਰਨ ਖੁਦਕੁਸ਼ੀ ਦੱਸਿਆ ਹੈ। ਵਿਭਾਗ ਨੇ ਕਿਹਾ ਹੈ ਕਿ ਚੌਥੇ ਮੁਲਾਜ਼ਮ ਦੀ ਪਛਾਣ ਉਪਰੰਤ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਲਾਸ ਏਂਜਲਸ ਕਾਊਂਟੀ ਸ਼ੈਰਿਫ ਰਾਬਰਟ ਲੂਨਾ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸ਼ੈਰਿਫ ਵਿਭਾਗ ਦੇ ਮੁਲਾਜ਼ਮਾਂ ਦੀਆਂ ਮੌਤਾਂ ਤੋਂ ਉਹ ਗਹਿਰੇ ਸਦਮੇ ਵਿਚ ਹਨ। ਸਾਰੇ ਵਿਭਾਗ ਵਿਚ ਸੋਗ ਦੀ ਲਹਿਰ ਹੈ।