#AMERICA

ਕੈਲੀਫੋਰਨੀਆ ‘ਚ ਵਾਪਰੇ ਸੜਕ ਹਾਦਸੇ ‘ਚ ਭਾਰਤੀ ਮੂਲ ਦਾ ਟਰੱਕ ਡਰਾਈਵਰ ਗ੍ਰਿਫ਼ਤਾਰ

ਯੂਬਾ ਸਿਟੀ, 23 ਅਕਤੂਬਰ (ਪੰਜਾਬ ਮੇਲ)- ਕੈਲੀਫੋਰਨੀਆ ਵਿਖੇ ਵਾਪਰੇ ਵੱਡੇ ਸੜਕ ਹਾਦਸੇ ‘ਚ ਤਿੰਨ ਵਿਅਕਤੀਆਂ ਦੀ ਮੌਤ ਤੋਂ ਬਾਅਦ ਯੂਬਾ ਸਿਟੀ ਦੇ 21 ਸਾਲਾ ਭਾਰਤੀ ਮੂਲ ਦੇ ਜਸ਼ਨਪ੍ਰੀਤ ਸਿੰਘ ਨੂੰ ਕਥਿਤ ਤੌਰ ‘ਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਂਦੇ ਹੋਏ ਇੱਕ ਜਾਨਲੇਵਾ ਹਾਦਸੇ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਹਾਦਸਾ ਕੈਲੀਫੋਰਨੀਆ ਦੇ 10 ਫ੍ਰੀਵੇਅ ‘ਤੇ ਓਨਟਾਰੀਓ ਵਿਖੇ ਵਾਪਰਿਆ।
ਲਾਸ ਏਂਜਲਸ ਦੀਆਂ ਰਿਪੋਰਟਾਂ ਅਨੁਸਾਰ ਮੰਗਲਵਾਰ ਦੁਪਹਿਰ ਨੂੰ ਹੋਏ ਇਸ ਵੱਡੀ ਟੱਕਰ ਦੇ ਨਤੀਜੇ ਵਜੋਂ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਘੱਟੋ-ਘੱਟ ਚਾਰ ਹੋਰ ਜ਼ਖਮੀ ਹੋ ਗਏ।
ਕੈਲੀਫੋਰਨੀਆ ਹਾਈਵੇਅ ਪੈਟਰੋਲ ਅਨੁਸਾਰ ਜਸ਼ਨ ਇੱਕ ਤੇਜ਼ ਰਫ਼ਤਾਰ ਟਰੱਕ (ਸੈਮੀ-ਟਰੱਕ) ਚਲਾ ਰਿਹਾ ਸੀ ਅਤੇ ਭੀੜ ਕਾਰਨ ਹੌਲੀ ਚੱਲ ਰਹੇ ਟਰੈਫਿਕ ਨਾਲ ਟਕਰਾਉਣ ਤੋਂ ਪਹਿਲਾਂ ਬਰੇਕ ਲਗਾਉਣ ਵਿਚ ਅਸਫਲ ਰਿਹਾ।
ਟੱਕਰ ਕਾਰਨ ਮੌਕੇ ਤੋਂ ਇੱਕ ਅੱਗ ਦਾ ਗੋਲਾ ਉੱਠਿਆ ਅਤੇ ਚਸ਼ਮਦੀਦਾਂ ਨੇ ਇਸ ਨੂੰ ਬਹੁਤ ਭਿਆਨਕ ਹਾਦਸਾ ਕਰਾਰ ਦਿੱਤਾ।
ਸਿੰਘ ਨੂੰ ਰੈਂਚੋ ਕੁਕਾਮੋਂਗਾ ਵਿਖੇ ਵੈਸਟ ਵੈਲੀ ਡਿਟੈਂਸ਼ਨ ਸੈਂਟਰ ਵਿਚ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਸ ‘ਤੇ ਵਾਹਨ ਨਾਲ ਕਤਲ (vehicular manslaughter) ਅਤੇ ਨਸ਼ੇ ਦੇ ਪ੍ਰਭਾਵ ਹੇਠ ਗੱਡੀ ਚਲਾਉਣ (ਡੀ.ਯੂ.ਆਈ.) ਸਮੇਤ ਕਈ ਦੋਸ਼ ਲਗਾਏ ਜਾਣ ਦੀ ਤਿਆਰੀ ਹੈ।
ਫੌਕਸ ਨਿਊਜ਼ ਦੇ ਰਿਪੋਰਟਰ ਬਿੱਲ ਮੇਲੁਗਿਨ ਨੇ ਕਈ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਜਸ਼ਨਪ੍ਰੀਤ ਸਿੰਘ ਭਾਰਤ ਤੋਂ ਇੱਕ ਗੈਰ-ਕਾਨੂੰਨੀ ਪਰਵਾਸੀ ਹੈ, ਜਿਸਨੂੰ 2022 ਵਿੱਚ ਸੰਘੀ ਅਧਿਕਾਰੀਆਂ ਵੱਲੋਂ ਕੈਲੀਫੋਰਨੀਆ ਸਰਹੱਦ ‘ਤੇ ਰਿਹਾਅ ਕੀਤਾ ਗਿਆ ਸੀ। ਰਿਪੋਰਟ ਅਨੁਸਾਰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈ.ਸੀ.ਆਈ.) ਨੇ ਸੈਨ ਬਰਨਾਰਡੀਨੋ ਕਾਉਂਟੀ ਸ਼ੈਰਿਫ ਦੇ ਵਿਭਾਗ ਕੋਲ ਜਸ਼ਨਪ੍ਰੀਤ ਲਈ ਇੱਕ ਡਿਟੇਨਰ ਰੱਖਿਆ ਹੈ, ਜਿੱਥੇ ਉਹ ਅਜੇ ਵੀ ਹਿਰਾਸਤ ਵਿੱਚ ਹੈ।
ਇਸ ਘਟਨਾ ਨੇ ਵੱਡੇ ਪੱਧਰ ‘ਤੇ ਆਨਲਾਈਨ ਪ੍ਰਤੀਕਿਰਿਆ ਪੈਦਾ ਕੀਤੀ ਹੈ, ਜਿਸ ਵਿੱਚ ਕਈ ਲੋਕਾਂ ਨੇ ਬੇਕਸੂਰ ਜਾਨਾਂ ਦੇ ਨੁਕਸਾਨ ‘ਤੇ ਗੁੱਸਾ ਜ਼ਾਹਰ ਕੀਤਾ ਹੈ ਅਤੇ ਸਵਾਲ ਕੀਤਾ ਹੈ ਕਿ ਸਿੰਘ ਨੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਕਿਵੇਂ ਪ੍ਰਾਪਤ ਕੀਤਾ। ਟਿੱਪਣੀਆਂ ਵਿੱਚ ਕੈਲੀਫੋਰਨੀਆ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਟਰੈਫਿਕ ਸੁਰੱਖਿਆ ਨੂੰ ਲੈ ਕੇ ਵੀ ਚਿੰਤਾਵਾਂ ਨੂੰ ਉਜਾਗਰ ਕੀਤਾ ਗਿਆ ਹੈ। ਹਾਲਾਂਕਿ ਹਾਦਸੇ ਦੇ ਪੀੜਤਾਂ ਦੀ ਅਜੇ ਤੱਕ ਜਨਤਕ ਤੌਰ ‘ਤੇ ਪਛਾਣ ਨਹੀਂ ਹੋ ਸਕੀ ਹੈ।