ਸੈਕਰਾਮੈਂਟੋ, 6 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਮੌਸਮ ਬਾਰੇ ਕੀਤੀ ਭਵਿੱਖਬਾਣੀ ਅਨੁਸਾਰ ਬਰਫੀਲੇ ਤੂਫਾਨ ਤੇ ਭਾਰੀ ਬਾਰਿਸ਼ ਕਾਰਨ ਦਰਿਆਵਾਂ ਵਿਚ ਵਧੇ ਪਾਣੀ ਦੇ ਮੱਦੇਨਜ਼ਰ ਪ੍ਰਮੁੱਖ ਸ਼ਹਿਰੀ ਖੇਤਰਾਂ ਸਮੇਤ ਹੋਰ ਥਾਵਾਂ ਵਿਚ ਖਤਰਨਾਕ ਹੜ੍ਹ ਦਾ ਖਤਰਾ ਪੈਦਾ ਹੋ ਗਿਆ ਹੈ। ਕਈ ਥਾਵਾਂ ‘ਤੇ ਬਿਜਲੀ ਦੀ ਸਪਲਾਈ ‘ਚ ਵੀ ਵਿਘਣ ਪਿਆ ਹੈ। ਐਕੂਵੈਦਰ ਮੌਸਮ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ 3.7 ਕਰੋੜ ਲੋਕ ਜੋ ਕੈਲੀਫੋਰਨੀਆ ਦੀ ਕੁੱਲ ਆਬਾਦੀ ਦਾ 94‚ ਹਿੱਸਾ ਹਨ, ਨੂੰ ਖਤਰਨਾਕ ਹੜ੍ਹ ਤੇ ਤੂਫਾਨ ਦਾ ਸਾਹਮਣਾ ਕਰਨਾ ਪਵੇਗਾ। ਇਹ ਹੜ੍ਹ ਤੇ ਤੂਫਾਨ ਮਨੁੱਖੀ ਜੀਵਨ ਲਈ ਖਤਰਾ ਪੈਦਾ ਕਰ ਸਕਦਾ ਹੈ।
ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਖਾਸ ਕਰਕੇ ਦੱਖਣੀ ਕੈਲੀਫੋਰਨੀਆ ‘ਚ ਸੀਜਨ ਦਾ ਸਭ ਤੋਂ ਵਧ ਖਤਰਨਾਕ ਤੂਫਾਨ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਵੱਡੀ ਪੱਧਰ ‘ਤੇ ਲੋਕ ਪ੍ਰਭਾਵਿਤ ਹੋਣਗੇ। ਨੈਸ਼ਨਲ ਵੈਦਰ ਸਰਵਿਸ ਨੇ ਵਿਸ਼ੇਸ਼ ਤੌਰ ‘ਤੇ ਕੇਂਦਰੀ ਤੱਟ ‘ਤੇ ਭਿਆਨਕ ਤੂਫਾਨ ਦੀ ਚਿਤਾਵਨੀ ਦਿੱਤੀ ਹੈ ਤੇ ਕਿਹਾ ਹੈ ਕਿ ਮੋਂਟੇਰੀ ਪੈਨਿਨਸੂਲਾ ਤੋਂ ਸੈਨ ਲੂਇਸ ਓਬਿਸਪੋ ਕਾਊਂਟੀ ਦੇ ਉੱਤਰੀ ਹਿੱਸੇ ਤੱਕ ਸੰਭਾਵੀ 92 ਮੀਲ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਵਗਣਗੀਆਂ। ਸਾਨ ਫਰਾਂਸਿਸਕੋ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਹੜ੍ਹ, ਸੜਕਾਂ ਉਪਰ ਦਰੱਖਤ ਡਿੱਗਣ ਤੇ ਪਹਾੜੀ ਖੇਤਰ ਵਿਚ ਢਿੱਗਾਂ ਡਿੱਗਣ ਬਾਰੇ ਚੌਕਸ ਕੀਤਾ ਹੈ। ਅੱਜ ਭਾਰੀ ਤੂਫਾਨ ਤੇ ਮੀਂਹ ਕਾਰਣ ਸਾਰਾ ਜਨਜੀਵਨ ਠੱਪ ਰਿਹਾ ਤੇ ਦਰੱਖਤ ਡਿੱਗਣ ਕਾਰਣ ਕਾਫੀ ਮਾਲੀ ਨੁਕਸਾਨ ਵੀ ਹੋਇਆ।