#AMERICA

ਕੈਲੀਫੋਰਨੀਆ ‘ਚ ਭਾਰਤੀ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ

-ਡੰਕੀ ਰੂਟ ਰਾਹੀਂ 45 ਲੱਖ ਰੁਪਏ ਖਰਚ ਕਰਕੇ ਪਹੁੰਚਿਆ ਸੀ ਅਮਰੀਕਾ
ਵਾਸ਼ਿੰਗਟਨ, 8 ਸਤੰਬਰ (ਪੰਜਾਬ ਮੇਲ)- ਅਮਰੀਕਾ ‘ਚ ਭਾਰਤੀ ਨੌਜਵਾਨ ਨੂੰ ਗੋਲੀ ਮਾਰੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਬਾਰਾਹ ਕਲਾਂ ਪਿੰਡ ਤੋਂ ਡੰਕੀ ਰੂਟ ਰਾਹੀਂ ਅਮਰੀਕਾ ਆਏ 26 ਸਾਲਾ ਨੌਜਵਾਨ ਕਪਿਲ ਦਾ ਅਮਰੀਕਾ ਦੇ ਕੈਲੀਫੋਰਨੀਆ ਵਿਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਪਿਲ ਕਰੀਬ ਢਾਈ ਸਾਲ ਪਹਿਲਾਂ ਡੰਕੀ ਰੂਟ ਰਾਹੀਂ 45 ਲੱਖ ਰੁਪਏ ਖਰਚ ਕਰ ਕੇ ਅਮਰੀਕਾ ਪਹੁੰਚਿਆ, ਜਿੱਥੇ ਉਹ ਇੱਕ ਸਟੋਰ ‘ਚ ਕੰਮ ਕਰਦਾ ਸੀ। ਕਪਿਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦਾ ਪਿਤਾ ਕਿਸਾਨ ਹੈ ਅਤੇ ਪਰਿਵਾਰ ਕੋਲ ਲਗਭਗ ਦੋ ਏਕੜ ਜ਼ਮੀਨ ਹੈ।
ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ ਇੱਕ ਦਿਨ ਇੱਕ ਕਾਲੇ ਰੰਗ ਦਾ ਮੂਲ ਅਮਰੀਕੀ ਨੌਜਵਾਨ ਉਸ ਜਗ੍ਹਾ ‘ਤੇ ਆਇਆ, ਜਿੱਥੇ ਕਪਿਲ ਕੰਮ ਕਰਦਾ ਸੀ। ਉਸ ਨੇ ਆਉਂਦਿਆਂ ਹੀ ਖੁੱਲ੍ਹੇ ਵਿਚ ਹੀ ਬਾਥਰੂਮ ਕਰ ਦਿੱਤਾ। ਕਪਿਲ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ, ਜਿਸ ਮਗਰੋਂ ਦੋਵਾਂ ਵਿਚਾਲੇ ਬਹਿਸ ਹੋ ਗਈ। ਇਹ ਝਗੜਾ ਇੰਨਾ ਵਧ ਗਿਆ ਕਿ ਨੌਜਵਾਨ ਨੇ ਕਪਿਲ ‘ਤੇ ਕਈ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਕਪਿਲ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਤੋਂ ਬਾਅਦ ਹਮਲਾਵਰ ਉੱਥੋਂ ਫਰਾਰ ਗਿਆ। ਸੂਚਨਾ ਮਿਲਦੇ ਹੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਕਪਿਲ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕਪਿਲ ਦੇ ਚਾਚਾ ਰਮੇਸ਼ ਨੇ ਦੱਸਿਆ ਕਿ ਐਤਵਾਰ ਨੂੰ ਪਰਿਵਾਰ ਨੂੰ ਕਪਿਲ ਦੇ ਕਤਲ ਦੀ ਜਾਣਕਾਰੀ ਮਿਲੀ। ਖ਼ਬਰ ਸੁਣਦਿਆਂ ਹੀ ਪੂਰਾ ਟੱਬਰ ਗ਼ਮ ‘ਚ ਡੁੱਬ ਗਿਆ। ਰਮੇਸ਼ ਨੇ ਦੱਸਿਆ ਕਿ ਉਸ ਨੇ ਤੁਰੰਤ ਅਮਰੀਕੀ ਪੁਲਿਸ ਨਾਲ ਸੰਪਰਕ ਕੀਤਾ, ਜਿੱਥੋਂ ਉਸ ਨੂੰ ਘਟਨਾ ਬਾਰੇ ਪੂਰੀ ਜਾਣਕਾਰੀ ਮਿਲੀ।
ਹੁਣ ਪਰਿਵਾਰ ਲਈ ਸਭ ਤੋਂ ਵੱਡੀ ਚਿੰਤਾ ਕਪਿਲ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਅਮਰੀਕਾ ਤੋਂ ਭਾਰਤ ਲਿਆਉਣ ਵਿਚ ਘੱਟੋ-ਘੱਟ 15 ਦਿਨ ਲੱਗ ਸਕਦੇ ਹਨ ਤੇ ਇਸ ਤੋਂ ਬਾਅਦ ਹੀ ਉਸ ਦੀਆਂ ਅੰਤਿਮ ਰਸਮਾਂ ਕੀਤੀਆਂ ਜਾ ਸਕਣਗੀਆਂ।