ਸੈਕਰਾਮੈਂਟੋ, 10 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਦੇ 76ਵੇਂ ਅਸੈਂਬਲੀ ਡਿਸਟ੍ਰਿਕਟ ਤੋਂ ਚੋਣ ਜਿੱਤੀ ਡੈਮੋਕ੍ਰੈਟਿਕ ਆਗੂ ਭਾਰਤੀ ਮੂਲ ਦੀ ਡਾਕਟਰ ਦਰਸ਼ਨਾ ਆਰ. ਪਟੇਲ ਨੇ ਸਟੇਟ ਅਸੈਂਬਲੀ ਮੈਂਬਰ ਵਜੋਂ ਸਹੁੰ ਚੁੱਕੀ। ਇਸ ਮੌਕੇ ਆਪਣੇ ਸੰਖੇਪ ਸੰਬੋਧਨ ਵਿਚ ਉਨ੍ਹਾਂ ਨੇ ਹਲਕੇ ਦੇ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਉਨ੍ਹਾਂ ਦੀਆਂ ਉਮੀਦਾਂ ਉਪਰ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗੀ। ਉਨ੍ਹਾਂ ਕਿਹਾ ਕਿ ਹਲਕੇ ਦੇ ਵਸਨੀਕਾਂ ਨੇ ਮੈਨੂੰ ਸਟੇਟ ਅਸੈਂਬਲੀ ‘ਚ 76ਵੇਂ ਡਿਸਟ੍ਰਿਕਟ ਦੀ ਪ੍ਰਤੀਨਿੱਧਤਾ ਕਰਨ ਦਾ ਮਾਣ ਬਖਸ਼ਿਆ ਹੈ ਤੇ ਮੈਂ ਉਨ੍ਹਾਂ ਲਈ ਕੰਮ ਕਰਨ ਵਾਸਤੇ ਬਹੁਤ ਉਤਸਕ ਹਾਂ। ਮੈਂ ਇਸ ਜ਼ਿੰਮੇਵਾਰੀ ਨੂੰ ਬਹੁਤ ਹੀ ਗੰਭੀਰਤਾ ਤੇ ਸੁਹਿਰਦਤਾ ਨਾਲ ਨਿਭਾਵਾਂਗੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਮੇਰੇ ਉਪਰ ਭਰੋਸਾ ਪ੍ਰਗਟਾਇਆ ਹੈ, ਮੈਂ ਉਨ੍ਹਾਂ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਾਂਗੀ। ਪਟੇਲ ਨੇ ਰਿਪਬਲੀਕਨ ਉਮੀਦਵਾਰ ਕ੍ਰਿਸਟੀ ਬਰੂਸ ਲੇਨ ਨੂੰ 53% ਵੋਟਾਂ ਪ੍ਰਾਪਤ ਕਰਕੇ 14000 ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਰਿਪਬਲੀਕਨ ਪ੍ਰਭਾਵ ਵਾਲੇ 76ਵੇਂ ਡਿਸਟ੍ਰਿਕਟ ਵਿਚ ਪਟੇਲ ਦੀ ਜਿੱਤ ਨੂੰ ਅਹਿਮ ਮੰਨਿਆ ਜਾ ਰਿਹਾ ਹੈ। ਚੋਣ ਮੁਹਿੰਮ ਦੌਰਾਨ ਜਿਥੇ ਵਿਰੋਧੀ ਉਮੀਦਵਾਰ ਬਰੂਸ ਲੇਨ ਪਟੇਲ ਦੀ ਨਿੱਜੀ ਆਲੋਚਨਾ ਕਰਦੀ ਰਹੀ, ਉਥੇ ਪਟੇਲ ਨੇ ਆਪਣੇ ਪ੍ਰਚਾਰ ਦੌਰਾਨ ਲੋਕਾਂ ਦੇ ਮੁੱਦਿਆਂ ਨੂੰ ਉਭਾਰਿਆ ਤੇ ਉਨ੍ਹਾਂ ਮੁੱਦਿਆਂ ਲਈ ਕੰਮ ਕਰਨ ਦਾ ਵਾਅਦਾ ਕੀਤਾ।