ਸੈਕਰਾਮੈਂਟੋ, 4 ਜੂਨ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਾਰਥ ਕੈਰੋਲੀਨਾ ਦੇ ਇਕ ਘਰ ‘ਚ ਹੋਈ ਗੋਲੀਬਾਰੀ ਵਿਚ ਇਕ ਮੌਤ ਹੋਣ ਤੇ 11 ਹੋਰ ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਕੈਟਾਵਬਾ ਕਾਊਂਟੀ ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਸੂਚਨਾ ਮਿਲਣ ‘ਤੇ ਪੁਲਿਸ ਅਫਸਰ ਅੱਧੀ ਰਾਤ ਤੋਂ ਬਾਅਦ ਹਿਕੋਰੀ ਨੇੜੇ ਇਕ ਘਰ ਵਿਚ ਮੌਕੇ ‘ਤੇ ਪੁੱਜੇ, ਜਿਥੇ 11 ਲੋਕ ਗੋਲੀਆਂ ਵੱਜਣ ਕਾਰਨ ਜ਼ਖਮੀ ਹਾਲਤ ‘ਚ ਮਿਲੇ, ਜਦਕਿ ਇਕ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਜ਼ਖਮੀਆਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਜਾਂਚਕਾਰਾਂ ਨੇ ਮੀਡੀਆ ਨੂੰ ਦੱਸਿਆ ਕਿ ਇਕ ਘਰ ਵਿਚ ਪਾਰਟੀ ਚੱਲ ਰਹੀ ਸੀ, ਜਿਥੇ 100 ਤੋਂ ਵਧ ਲੋਕ ਇਕੱਤਰ ਹੋਏ ਸਨ। ਜਾਂਚਕਾਰਾਂ ਦਾ ਮੰਨਣਾ ਹੈ ਕਿ ਇਕ ਤੋਂ ਵਧ ਲੋਕਾਂ ਨੇ ਗੋਲੀਆਂ ਚਲਾਈਆਂ ਹਨ। ਅਜੇ ਤੱਕ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਤੇ ਮਾਮਲਾ ਜਾਂਚ ਅਧੀਨ ਹੈ।
ਕੈਰੋਲੀਨਾ ਦੇ ਇਕ ਘਰ ‘ਚ ਹੋਈ ਗੋਲੀਬਾਰੀ ਵਿਚ 1 ਮੌਤ: 11 ਹੋਰ ਜ਼ਖਮੀ
