#CANADA

ਕੈਨੇਡੀਅਨ ਪ੍ਰਧਾਨ ਮੰਤਰੀ ਨੇ ਲਾਤਵੀਆ ‘ਚ ਕੈਨੇਡੀਅਨ ਫੌਜੀ ਮਿਸ਼ਨ ਨੂੰ 2029 ਤੱਕ ਵਧਾਇਆ

ਓਟਵਾ, 4 ਸਤੰਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲਾਤਵੀਆ ਵਿਚ ਕੈਨੇਡੀਅਨ ਫੌਜੀ ਮਿਸ਼ਨ ਨੂੰ 2029 ਤੱਕ ਅੱਗੇ ਵਧਾ ਦਿੱਤਾ ਹੈ। ਕਾਰਨੀ ਵੱਲੋਂ ਇਹ ਫੈਸਲਾ ਰੂਸ ਵੱਲੋਂ ਯੂਰਪ ‘ਤੇ ਹਮਲੇ ਦੀ ਸੰਭਾਵਨਾ ਨੂੰ ਰੋਕਣ ਲਈ ਲਿਆ ਗਿਆ ਹੈ। ਲਾਤਵੀਆ ਦੀ ਰਾਜਧਾਨੀ ਰੀਗਾ ‘ਚ ਕਾਨਫਰੰਸ ਦੌਰਾਨ ਕਾਰਨੀ ਨੇ ਕਿਹਾ ਕਿ ਸਾਨੂੰ ਰੋਕਥਾਮ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨਾ ਪੈਣਾ ਹੈ ਅਤੇ ਇਹੀ ਤਰੀਕਾ ਹੈ, ਜਿਸ ਨਾਲ ਅਸੀਂ ਸੱਚਾ ਭਰੋਸਾ ਦੇ ਸਕਦੇ ਹਾਂ।
ਪ੍ਰਧਾਨ ਮੰਤਰੀ ਕਾਰਨੀ ਦੇ ਦਫਤਰ ਨੇ ਦੱਸਿਆ ਕਿ ਹੁਣ ਲਾਤਵੀਆ ਵਿਚ ਆਪ੍ਰੇਸ਼ਨ ਰੀਅਸ਼ੋਰੈਂਸ ਤਹਿਤ 2,000 ਕੈਨੇਡੀਅਨ ਫੌਜੀ ਤਾਇਨਾਤ ਹਨ, ਜੋ ਕਿ ਕੈਨੇਡਾ ਦਾ ਸਭ ਤੋਂ ਵੱਡਾ ਵਿਦੇਸ਼ੀ ਫੌਜੀ ਮਿਸ਼ਨ ਹੈ।
ਕੈਨੇਡੀਅਨ ਫੌਜੀ 2017 ਤੋਂ ਲਾਤਵੀਆ ਵਿਚ ਮੌਜੂਦ ਹਨ, ਤਾਂ ਜੋ ਯੂਰਪ ਦੇ ਪੂਰਬੀ ਹਿੱਸੇ ਦੀ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਸਕੇ ਅਤੇ ਰੂਸ ਵੱਲੋਂ ਬਾਲਟਿਕ ਦੇਸ਼ਾਂ ‘ਤੇ ਹਮਲੇ ਤੋਂ ਰੋਕਿਆ ਜਾ ਸਕੇ। ਇਹ ਤਾਇਨਾਤੀ ਇਕ ਟ੍ਰਿਪ ਵਾਇਰ ਵਜੋਂ ਵੀ ਜਾਣੀ ਜਾਂਦੀ ਹੈ, ਜਿਸ ਦਾ ਮਤਲਬ ਇਹ ਹੈ ਕਿ ਜੇ ਰੂਸ ਹਮਲਾ ਕਰੇ, ਤਾਂ ਉਹ ਸਿੱਧਾ ਨਾਟੋ ਦੇ ਜਵਾਬ ਦਾ ਸਾਹਮਣਾ ਕਰੇ।
ਇਹ ਮਿਸ਼ਨ 2026 ਵਿਚ ਖਤਮ ਹੋਣਾ ਸੀ, ਪਰ ਕਾਰਨੀ ਨੇ ਕਿਹਾ ਕਿ ਉਹ ਇਸ ਨੂੰ ਹੋਰ ਤਿੰਨ ਸਾਲਾਂ ਲਈ ਵਧਾਉਣ ਦੀ ਯੋਜਨਾ ਬਣਾ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੌਰਾਨ ਲਾਤਵੀਆ ਵਿਚ ਕੈਨੇਡੀਅਨ ਬ੍ਰਿਗੇਡ ਦੀ ਤਾਕਤ ਵੀ ਵਧਾਈ ਜਾਵੇਗੀ, ਜੋ ਕਿ ਨਾਟੋ ਦੀ ਸਾਂਝੀ ਸੁਰੱਖਿਆ ਨੂੰ ਮਜ਼ਬੂਤ ਕਰੇਗੀ। ਕੈਨੇਡਾ ਲਾਤਵੀਆ ਵਿਚ ਲਗਭਗ 10 ਦੇਸ਼ਾਂ ਦੇ ਫੌਜੀਆਂ ਦੀ ਅਗਵਾਈ ਕਰ ਰਿਹਾ ਹੈ, ਜੋ ਸਿਰਫ਼ ਲਾਤਵੀਆ ਦੀ ਰੱਖਿਆ ਨੂੰ ਪੱਕਾ ਨਹੀਂ ਕਰ ਰਹੇ, ਸਗੋਂ ਉੱਥੇ ਫੌਜੀਆਂ ਦੀ ਟ੍ਰੇਨਿੰਗ ਵੀ ਕਰ ਰਹੇ ਹਨ।