#CANADA

ਕੈਨੇਡੀਅਨ ਪੁਲਿਸ ਵੱਲੋਂ ਰਿਪੁਦਮਨ ਮਲਿਕ ਦੇ ਬੇਟੇ ਨੂੰ ਸੰਭਾਵਿਤ ਜਾਨ ਦੇ ਖਤਰੇ ਸਬੰਧੀ ਚਿਤਾਵਨੀ ਜਾਰੀ

ਓਟਵਾ, 23 ਮਈ (ਪੰਜਾਬ ਮੇਲ)- ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰ.ਸੀ.ਐੱਮ.ਪੀ.) ਨੇ ਰਿਪੁਦਮਨ ਸਿੰਘ ਮਲਿਕ ਦੇ ਬੇਟੇ ਹਰਦੀਪ ਸਿੰਘ ਮਲਿਕ ਨੂੰ ਸੰਭਾਵਿਤ ਜਾਨ ਦੇ ਖਤਰੇ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਰਿਪੁਦਮਨ ਸਿੰਘ ਮਲਿਕ ਨੂੰ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਦੇ ਦੋਸ਼ ਤੋਂ ਬਰੀ ਕਰ ਦਿੱਤਾ ਗਿਆ ਸੀ। ਹਰਦੀਪ ਮਲਿਕ ਸਰੀ ਸਥਿਤ ਕਾਰੋਬਾਰੀ ਹੈ, ਜਿਸ ਨੂੰ ਇਕ ਅਧਿਕਾਰਤ ਚਿੱਠੀ ਮਿਲੀ ਹੈ, ਜਿਸ ਵਿਚ ਉਨ੍ਹਾਂ ਦੀ ਜਾਨ ਨੂੰ ਖਤਰੇ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਅਨੁਸਾਰ ਇਹ ਚਿਤਾਵਨੀ ਉਦੋਂ ਦਿੱਤੀ ਗਈ, ਜਦੋਂ ਜਾਂਚਕਰਤਾ ਰਿਪੁਦਮਨ ਸਿੰਘ ਮਲਿਕ ਦੀ 2022 ‘ਚ ਕੀਤੀ ਗਈ ਹੱਤਿਆ ਨਾਲ ਭਾਰਤ ਦੇ ਸੰਭਾਵੀ ਸੰਬੰਧਾਂ ਦੀ ਜਾਂਚ ਕਰ ਰਹੇ ਸਨ। ਆਰ.ਸੀ.ਐੱਮ.ਪੀ. ਵੱਲੋਂ ਪਿਛਲੇ ਹਫ਼ਤੇ ਹਰਦੀਪ ਮਲਿਕ ਨੂੰ ਜਦੋਂ ਇਕ ਚਿੱਠੀ ਭੇਜੀ ਗਈ, ਉਸ ਸਮੇਂ ਹਰਦੀਪ, ਆਪਣੀ ਮਾਂ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਫਰਾਂਸ ਦੀ ਯਾਤਰਾ ‘ਤੇ ਸੀ। ਕੈਨੇਡੀਅਨ ਪੁਲਿਸ (ਆਰ.ਸੀ.ਐੱਮ.ਪੀ.) ਵੱਲੋਂ ਹਰਦੀਪ ਨੂੰ ਭੇਜੀ ਗਈ ਇਕ ਚਿੱਠੀ ‘ਚ ਕਿਹਾ ਗਿਆ ਹੈ ਕਿ ਅਪਰਾਧਿਕ ਸਾਜ਼ਿਸ ਕਾਰਨ ਉਸ ਦੀ ਜਾਨ ਨੂੰ ਖ਼ਤਰਾ ਹੈ।
ਜ਼ਿਕਰਯੋਗ ਹੈ ਕਿ ਰਿਪੁਦਮਨ ਸਿੰਘ ਮਲਿਕ ਨੂੰ 1985 ‘ਚ ਏਅਰ ਇੰਡੀਆ ‘ਚ ਹੋਏ ਬੰਬ ਧਮਾਕਿਆਂ ਦੇ ਸੰਬੰਧ ‘ਚ ਦੋਸ਼ੀ ਕਰਾਰ ਦਿੱਤਾ ਗਿਆ, ਜਿਸ ਵਿਚ 331 ਲੋਕ ਮਾਰੇ ਗਏ ਸਨ। 2005 ਵਿਚ ਰਿਪੁਦਮਨ ਸਿੰਘ ਮਲਿਕ ਨੂੰ ਸਮੂਹਿਕ ਕਤਲ ਅਤੇ 1985 ‘ਚ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚਣ ਦੇ ਦੋਸ਼ ਤੋਂ ਬਰੀ ਕਰ ਦਿੱਤਾ ਸੀ। ਰਿਪੁਦਮਨ ਸਿੰਘ ਮਲਿਕ ਦਾ 14 ਜੁਲਾਈ 2022 ਨੂੰ ਸਰੀ ਵਿਚ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਸਬੰਧ ‘ਚ ਦੋ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।
ਬ੍ਰਿਟਿਸ਼ ਕੋਲੰਬੀਆ ‘ਚ ਖਾਲਿਸਤਾਨੀ ਲਹਿਰ ਨਾਲ ਜੁੜੇ ਕਈ ਹੋਰ ਲੋਕਾਂ ਨੂੰ ਕੈਨੇਡੀਅਨ ਪੁਲਿਸ ਵੱਲੋਂ ਅਜਿਹੀਆਂ ਚਿਤਾਵਨੀ ਭਰੀਆਂ ਚਿੱਠੀਆਂ ਜਾਰੀ ਕੀਤੀਆਂ ਗਈਆਂ ਹਨ। ਹਰਦੀਪ ਨਿੱਝਰ ਨੂੰ ਵੀ 2023 ‘ਚ ਮਾਰੇ ਜਾਣ ਤੋਂ ਪਹਿਲਾਂ ਅਜਿਹੀ ਹੀ ਚਿਤਾਵਨੀ ਵਾਲੀ ਚਿੱਠੀ ਪੁਲਿਸ ਨੇ ਜਾਰੀ ਕੀਤੀ ਸੀ। ਹੁਣ ਜਾਂਚਕਰਤਾ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਸਰੀ ‘ਚ ਹੋਏ ਰਿਪੁਦਮਨ ਸਿੰਘ ਮਲਿਕ ਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਕੋਈ ਹੱਥ ਹੈ ਜਾਂ ਨਹੀਂ।
ਸੀ.ਬੀ.ਸੀ. ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਹ ਘਟਨਾਕ੍ਰਮ ਇਸ ਸ਼ੱਕ ਨੂੰ ਮਜ਼ਬੂਤ ਬਣਾਉਂਦੇ ਹਨ ਕਿ ਭਾਰਤ ਸਰਕਾਰ ਵੱਲੋਂ ਕੈਨੇਡਾ ਵਿਚ ਸਿੱਖ ਹਸਤੀਆਂ ਨੂੰ ਕਥਿਤ ਤੌਰ ‘ਤੇ ਨਿਸ਼ਾਨਾ ਬਣਾਉਣ ਦੀ ਸ਼ੁਰੂਆਤ ਨਿੱਝਰ ਦੀ ਮੌਤ ਨਾਲ ਨਹੀਂ ਹੋਈ ਸੀ, ਇਸ ਦਾਅਵੇ ਦਾ ਭਾਰਤ ਨੇ ਵਾਰ-ਵਾਰ ਖੰਡਨ ਕੀਤਾ ਹੈ। ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਵਾਰ-ਵਾਰ ਕੈਨੇਡਾ ਵਿਚ ਭਾਰਤ ਨੂੰ ਲੋੜੀਂਦੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ‘ਚ ਸ਼ਮੂਲੀਅਤ ਦਾ ਕੋਈ ਸਬੂਤ ਮਿਲਣ ਤੋਂ ਇਨਕਾਰ ਕੀਤਾ ਹੈ। ਨਿੱਝਰ ਦੀ ਹੱਤਿਆ ਨਾਲ ਭਾਰਤ ਅਤੇ ਕੈਨੇਡਾ ਵਿਚਕਾਰ ਡਿਪਲੋਮੈਟਿਕ ਤਣਾਅ ਪੈਦਾ ਹੋ ਗਿਆ ਸੀ, ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿੱਝਰ ਦੀ ਹੱਤਿਆ ਪਿੱਛੇ ਭਾਰਤ ਦਾ ਹੱਥ ਹੋਣ ਦਾ ਦੋਸ਼ ਲਾਇਆ ਸੀ।