ਦੋਰਾਹਾ, 2 ਫਰਵਰੀ (ਪੰਜਾਬ ਮੇਲ)- ਪੰਜਾਬੀ ਗਾਇਕ ਸਿਮਰ ਦੋਰਾਹਾ ਨੂੰ ਕੈਨੇਡੀਅਨ ਪੁਲਿਸ ਨੇ ਹਿਰਾਸਤ ਵਿਚ ਲਿਆ ਪਰ ਬਾਅਦ ਵਿਚ ਰਿਹਾਅ ਕਰ ਦਿੱਤਾ, ਜਿਸ ਦੀ ਵੀਡੀਓ ਵਾਇਰਲ ਹੋਈ ਹੈ, ਹਾਲਾਂਕਿ ਸਥਾਨਕ ਪੁਲਿਸ ਨੇ ਹਾਲੇ ਤੱਕ ਇਸ ਸਬੰਧੀ ਕੋਈ ਬਿਆਨ ਜਾਰੀ ਨਹੀਂ ਕੀਤਾ।
ਸੂਤਰਾਂ ਅਨੁਸਾਰ ਸਿਮਰ ਨੂੰ ਕੈਨੇਡੀਅਨ ਪੁਲਿਸ ਨੇ ਚੋਰੀ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਸੀ ਪਰ ਉਸ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ। ਸਿਮਰ ਦੋ ਸਾਲ ਪਹਿਲਾਂ ਕੈਨੇਡਾ ਆ ਗਿਆ ਸੀ। ਉਹ ਪਿਛਲੇ ਮਹੀਨੇ ਭਾਰਤ ਆਇਆ ਸੀ ਅਤੇ ਮੁਹਾਲੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਦੋਰਾਹਾ ਵਿਚ ਰਹਿਣ ਵਾਲੇ ਉਸ ਦੇ ਮਾਪਿਆਂ ਨੇ ਕਿਹਾ ਕਿ ਉਹ ਵੀ ਨਿਊਜ਼ ਚੈਨਲਾਂ ‘ਤੇ ਆਈਆਂ ਖ਼ਬਰਾਂ ਤੋਂ ਹੈਰਾਨ ਹਨ। ਉਸ ਦੀ ਮਾਂ ਇੰਦਰਜੀਤ ਕੌਰ ਨੇ ਉਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਉਸ ਨੂੰ 20-25 ਮਿੰਟਾਂ ਬਾਅਦ ਰਿਹਾਅ ਕਰ ਦਿੱਤਾ ਗਿਆ।
ਉਨ੍ਹਾਂ ਦੱਸਿਆ ਕਿ ਸਿਮਰ ਬਾਈਪੋਲਰ ਡਿਸਆਰਡਰ ਤੋਂ ਪੀੜਤ ਹੈ ਅਤੇ ਭਾਰਤ ਵਿਚ ਰਹਿੰਦਿਆਂ ਉਸ ਦਾ ਇਲਾਜ ਚੱਲ ਰਿਹਾ ਸੀ। ਉਸ ਦੀ ਹਾਲਤ ਵਿਗੜ ਗਈ ਸੀ ਅਤੇ ਪਰਿਵਾਰ ਉਸ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿਚ ਦਾਖਲ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਸਿਮਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸ ਦੇ ਪ੍ਰਸੰਸਕਾਂ ਨੇ ਪ੍ਰਤੀਕਿਰੀਆਵਾਂ ਦਿੱਤੀਆਂ।
ਸਿਮਰ ਗੀਤਕਾਰ ਅਤੇ ਗਾਇਕ ਹੈ, ਜਿਸ ਦੇ ਇੰਸਟਾਗ੍ਰਾਮ ‘ਤੇ ਲਗਪਗ 10 ਲੱਖ ਫਾਲੋਅਰਜ਼ ਹਨ। ਉਸ ਨੇ ਸਮਾਜਿਕ ਮੁੱਦਿਆਂ, ਪਿਆਰ, ਜ਼ਿੰਦਗੀ ਆਦਿ ਦੇ ਵਿਸ਼ਿਆਂ ‘ਤੇ 45 ਤੋਂ 55 ਗੀਤ ਲਿਖੇ ਹਨ। ਉਸ ਦੇ ਗੀਤ ਨੌਜਵਾਨਾਂ ਵਿਚ ਖਾਸੇ ਮਕਬੂਲ ਹੋਏ।
ਕੈਨੇਡੀਅਨ ਪੁਲਿਸ ਨੇ ਪੰਜਾਬੀ ਗਾਇਕ ਨੂੰ ਹਿਰਾਸਤ ‘ਚ ਲੈਣ ਤੋਂ ਬਾਅਦ ਕੀਤਾ ਰਿਹਾਅ

