ਚੰਡੀਗੜ੍ਹ/ਕੈਨੇਡਾ, 15 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਇਤਿਹਾਸ ‘ਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਕਰਨ ਵਾਲੇ ਮੋਸਟ ਵਾਂਟੇਡ ਸਿਮਰਨਪ੍ਰੀਤ ਪਨੇਸਰ ਦੇ ਚੰਡੀਗੜ੍ਹ ‘ਚ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ ਜਾਂ ਇਸ ਦੇ ਨੇੜੇ-ਤੇੜੇ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ‘ਚ ਰਹਿ ਰਿਹਾ ਹੈ ਅਤੇ ਕੈਨੇਡਾ ਦੀ ਪੀਲ ਪੁਲਿਸ ਨੇ ਉਸ ਨੂੰ ਲੋਕੇਟ ਕਰ ਲਿਆ ਹੈ। ਇਹ ਖ਼ੁਲਾਸਾ ਭਾਰਤੀ ਅਤੇ ਕੈਨੇਡੀਅਨ ਮੀਡੀਆ ਦੀ ਰਿਪੋਰਟ ‘ਚ ਕੀਤਾ ਗਿਆ ਹੈ।
ਸਿਮਰਨਪ੍ਰੀਤ ਪਨੇਸਰ 20 ਮਿਲੀਅਨ ਡਾਲਰ ਦੀ ਡਕੈਤੀ ‘ਚ ਸ਼ਾਮਲ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਨੇਸਰ ਦੀ ਪਤਨੀ ਉਸ ਨਾਲ ਉਕਤ ਚੋਰੀ ‘ਚ ਸ਼ਾਮਲ ਨਹੀਂ ਸੀ। ਕੈਨੇਡਾ ਦੀ ਪੀਲ ਪੁਲਿਸ ਦੇ ਦਸਤਾਵੇਜ਼ਾਂ ਮੁਤਾਬਕ ਇਸ ਮਾਮਲੇ ਦੀ ਜਾਂਚ ‘ਚ 20 ਅਧਿਕਾਰੀ ਸ਼ਾਮਲ ਹਨ ਅਤੇ ਇਸ ਦੌਰਾਨ ਉਨ੍ਹਾਂ ਨੇ ਟ੍ਰੈਕਿੰਗ, ਇੰਟਰਵਿਊ ਅਤੇ ਸੀ.ਸੀ.ਟੀ.ਵੀ. ਜਾਂਚ ਵਰਗੇ ਕੰਮ ਕੀਤੇ। ਹਾਲਾਂਕਿ ਸਿਮਰਨਪ੍ਰੀਤ ਦੇ ਵਕੀਲ ਦਾ ਕਹਿਣਾ ਹੈ ਕਿ ਸਿਮਰਨਪ੍ਰੀਤ ਆਪਣੀ ਬੇਗੁਨਾਹੀ ਸਾਬਤ ਕਰਨ ਲਈ ਕੈਨੇਡਾ ਵਾਪਸ ਜਾਣ ਦੀ ਤਿਆਰੀ ਕਰ ਰਿਹਾ ਹੈ।
ਇਹ ਸੋਨੇ ਦੀ ਸਭ ਤੋਂ ਵੱਡੀ ਚੋਰੀ ਅਪ੍ਰੈਲ 2023 ‘ਚ ਹੋਈ ਸੀ, ਜਿਸ ‘ਚ 400 ਕਿੱਲੋ ਦੀਆਂ 6600 ਸੋਨੇ ਦੀਆਂ ਇੱਟਾਂ ਅਤੇ ਕਰੀਬ 2.5 ਮਿਲੀਅਨ ਡਾਲਰ ਮੁੱਲ ਦੀਆਂ ਵਿਦੇਸ਼ੀ ਮੁਦਰਾਵਾਂ ਟੋਰਾਂਟੋ ਦੇ ਪਿਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਚੋਰੀ ਹੋ ਗਈਆਂ ਸਨ। ਇਹ ਘਟਨਾ ਉਸ ਸਮੇਂ ਹੋਈ, ਜਦੋਂ ਇਹ ਸਮਾਨ ਜਿਊਰਿਖ਼ ਤੋਂ ਆਈ ਇਕ ਉਡਾਣ ਤੋਂ ਉਤਾਰਿਆ ਗਿਆ ਸੀ। ਸੂਤਰਾਂ ਮੁਤਾਬਕ ਇਸ ਚੋਰੀ ਦੇ ਮਾਸਟਰ ਮਾਈਂਡ ਸਿਮਰਨਪ੍ਰੀਤ ਪਨੇਸਰ ਨੇ ਕੈਨੇਡਾ ਛੱਡ ਦਿੱਤਾ ਸੀ ਅਤੇ ਭਾਰਤ ਆ ਗਿਆ। ਹਾਲਾਂਕਿ ਜੂਨ 2024 ‘ਚ ਇਹ ਜਾਣਕਾਰੀ ਵੀ ਆਈ ਕਿ ਸਿਮਰਨਪ੍ਰੀਤ ਸਰੰਡਰ ਕਰੇਗਾ ਪਰ ਅਜਿਹਾ ਨਹੀਂ ਹੋਇਆ। ਦੱਸਣਯੋਗ ਹੈ ਕਿ ਇਸ ਮਾਮਲੇ ‘ਚ ਹੁਣ ਤੱਕ 9 ਲੋਕਾਂ ‘ਤੇ ਦੋਸ਼ ਲਾਏ ਗਏ ਹਨ, ਜਿਨ੍ਹਾਂ ‘ਚੋਂ ਕੁੱਝ ‘ਤੇ ਚੋਰੀ, ਸਾਜ਼ਿਸ਼ ਅਤੇ ਅਪਰਾਧ ਨਾਲ ਪ੍ਰਾਪਤ ਜਾਇਦਾਦ ਰੱਖਣ ਦੇ ਦੋਸ਼ ਸ਼ਾਮਲ ਹਨ। ਫਿਲਹਾਲ ਪੀਲ ਪੁਲਿਸ ਨੂੰ ਵੀ ਸਿਮਰਨਪ੍ਰੀਤ ਦੇ ਸਰੰਡਰ ਦੀ ਉਡੀਕ ਹੈ।
ਕੈਨੇਡੀਅਨ ਇਤਿਹਾਸ ‘ਚ ਸਭ ਤੋਂ ਵੱਡੀ ਸੋਨੇ ਦੀ ਚੋਰੀ ਕਰਨ ਵਾਲਾ ਮੋਸਟ ਵਾਂਟੇਡ ਚੰਡੀਗੜ੍ਹ ‘ਚ!
