#CANADA

ਕੈਨੇਡਾ: ਸਰੀ ਵਿਚ ਪ੍ਰੋ. ਮੋਹਨ ਸਿੰਘ ਫਾਊਂਡੇਸ਼ਨ ਨੇ ਮਨਾਇਆ ਗ਼ਦਰੀ ਬਾਬਿਆਂ ਦੇ ਮੇਲਾ

ਮੇਲੇ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਬੀਸੀ ਦੇ ਪ੍ਰੀਮੀਅਰ ਤੇ ਹੋਰ ਸ਼ਖ਼ਸੀਅਤਾਂ ਨੇ

ਹਾਜ਼ਰੀ ਭਰੀ

ਮਿਸ ਪੂਜਾ, ਸੁੱਖੀ, ਪ੍ਰਗਟ ਖਾਨ ਤੇ ਮੋਹਸਿਨ ਸ਼ੌਕਤ ਅਲੀ ਖਾਨ ਤੇ ਹੋਰ ਗਾਇਕਾਂ ਨੇ

ਮੇਲੇ ਵਿਚ ਗਾਇਕੀ ਦੇ ਰੰਗ ਭਰੇ

ਸਰੀ, 8 ਅਗਸਤ (ਹਰਦਮ ਮਾਨ/(ਪੰਜਾਬ ਮੇਲ)- ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ
ਵੱਲੋਂ ਇਸ ਸਾਲ 28ਵਾਂ ‘ਗ਼ਦਰੀ ਬਾਬਿਆਂ ਦਾ ਮੇਲਾ’ ਹਾਲੈਂਡ ਪਾਰਕ ਸਰੀ ਵਿਖੇ ਮਨਾਇਆ
ਗਿਆ। ਇਹ ਮੇਲਾ ਕੈਨੇਡਾ ਵਿੱਚ ਭਾਰਤੀਆਂ ਨੂੰ ਵੋਟ ਦਾ ਪਾਉਣ ਦਾ ਅਧਿਕਾਰ ਦਿਵਾਉਣ ਵਾਲੇ
ਦੂਰ ਅੰਦੇਸ਼ ਸੰਘਰਸ਼ੀ ਯੋਧਿਆਂ ਦਰਸ਼ਨ ਸਿੰਘ (ਸੰਘਾ) ਕੈਨੇਡੀਅਨ, ਹੈਰਲਡ ਪ੍ਰਿਚਿਟ,
ਲਾਰਾ ਜੈਮੀਸਨ ਤੇ ਸਰਦਾਰ ਨਗਿੰਦਰ ਸਿੰਘ ਗਿੱਲ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਇਸ
ਮੌਕੇ ਕੈਨੇਡਾ ਦੇ ਪਹਿਲੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਨੂੰ ਪ੍ਰਣਾਮ
ਕਰਦਿਆਂ ਇਕ ਮਤੇ ਰਾਹੀਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਕਿ ਉਸ ਮਹਾਨ ਸ਼ਹੀਦ ਦੇ
ਸਰਕਾਰੀ ਦਸਤਾਵੇਜਾਂ ਵਿਚ ਦਰਜ ਅਪਰਾਧਿਕ ਰਿਕਾਰਡ ਵਿਚ ਸੁਧਾਰ ਕਰ ਕੇ ਉਸ ਦੀ ਸ਼ਹਾਦਤ
ਨੂੰ ਮਾਨਤਾ ਦਿੱਤੀ ਜਾਵੇ। ਇਸ ਮਤੇ ਦਾ ਹਜਾਰਾਂ ਦੀ ਗਿਣਤੀ ਵਿਚ ਜੁੜੇ ਲੋਕਾਂ ਨੇ ਹੱਥ
ਖੜ੍ਹੇ ਕਰਕੇ ਸਮਰਥਨ ਕੀਤਾ।
ਮੇਲੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਲਿਬਰਲ ਐੱਮ ਪੀ ਸੁਖ
ਧਾਲੀਵਾਲ, ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ, ਕੈਬਨਿਟ ਮੰਤਰੀ ਹੈਰੀ ਬੈਂਸ, ਬਰੂਸ
ਰਾਲਸਟਨ, ਗੈਰੀ ਬੈਗ, ਜਗਰੂਪ ਬਰਾੜ, ਸਿੱਖਿਆ ਮੰਤਰੀ ਰਚਨਾ ਸਿੰਘ, ਸਾਬਕਾ ਮੰਤਰੀ ਤੇ
ਐਮ ਐਲ ਏ ਜਿੰਨੀ ਸਿਮਜ਼, ਐਮ ਐਲ ਏ ਅਮਨਦੀਪ ਸਿੰਘ ਤੇ ਕਈ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ
ਵਿਸ਼ੇਸ਼ ਹਾਜ਼ਰੀ ਭਰੀ ਤੇ ਗ਼ਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਫਾਊਂਡੇਸ਼ਨ ਵੱਲੋਂ
ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਸ਼ਹਾਦਤ ਸਬੰਧੀ ਰਿਕਾਰਡ ਦਰੁਸਤ ਕਰਨ ਲਈ ਪ੍ਰਧਾਨ
ਮੰਤਰੀ ਜਸਟਿਨ ਟਰੂਡੋ ਨੂੰ ਮੰਗ ਪੱਤਰ ਦਿੱਤਾ ਗਿਆ।
ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਗ਼ਦਰੀ ਬਾਬਿਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ
ਕੈਨੇਡਾ ਵਿਚ ਸਾਊਥ ਏਸ਼ੀਅਨ ਲੋਕਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਵਾਲੇ ਆਗੂਆਂ ਦੀ
ਘਾਲਣਾ ਨੂੰ ਪ੍ਰਣਾਮ ਕੀਤਾ ਅਤੇ ਉਹਨਾਂ ਦੇ ਇਤਿਹਾਸਕ ਯੋਗਦਾਨ ਨੂੰ ਯਾਦ ਕਰਨ ਲਈ
ਫਾਊਂਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਫਾਊਂਡੇਸ਼ਨ ਵੱਲੋਂ ਗ਼ਦਰੀ ਯੋਧਿਆਂ ਦੇ ਪਰਿਵਾਰਾਂ
ਅਤੇ ਪ੍ਰੀਮੀਅਰ ਡੇਵਿਡ ਈਬੀ ਨੂੰ ਸਨਮਾਨਿਤ ਕੀਤਾ ਗਿਆ। ਦੁਪਹਿਰ ਸਮੇਂ ਮੇਲੇ ਵਿਚ
ਪੁੱਜੇ ਪ੍ਰਧਾਨ ਮੰਤਰੀ ਟਰੂਡੋ ਦਾ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ
ਪ੍ਰਧਾਨ ਸਾਹਿਬ ਥਿੰਦ ਤੇ ਉਹਨਾਂ ਦੇ ਸਾਥੀਆਂ ਨੇ ਭਰਵਾਂ ਸਵਾਗਤ ਕੀਤਾ। ਭਾਰਤੀ ਲੋਕ
ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਦੀ ਬੇਟੀ ਤ੍ਰਿਪਤ ਅਟਵਾਲ ਨੇ
ਆਪਣੇ ਪਿਤਾ ਦੀ ਤਰਫੋਂ ਮੰਚ ਤੋਂ ਗ਼ਦਰੀ ਬਾਬਿਆਂ ਨੂੰ ਸ਼ਰਧਾਂਜਲੀ ਦਿੰਦਿਆਂ ਕੈਨੇਡਾ ਵਿਚ
ਪੰਜਾਬੀਆਂ ਦੀਆਂ ਪ੍ਰਾਪਤੀਆਂ ਨੂੰ ਮਾਣਮੱਤਾ ਦੱਸਿਆ। ਫਾਊਂਡੇਸ਼ਨ ਵੱਲੋਂ ਤ੍ਰਿਪਤ ਅਟਵਾਲ
ਦਾ ਵੀ ਵਿਸ਼ੇਸ਼ ਸਨਮਾਨ ਕੀਤਾ ਗਿਆ।
ਮੇਲੇ ਵਿੱਚ ਪ੍ਰਸਿੱਧ ਗਾਇਕਾ ਮਿਸ ਪੂਜਾ,  ਸੁਖਵਿੰਦਰ ਸੁੱਖੀ, ਪਰਗਟ ਖਾਂ ਤੇ
ਪਾਕਿਸਤਾਨੀ ਗਾਇਕ ਮੋਹਸਿਨ ਸ਼ੌਕਤ ਅਲੀ ਖਾਨ ਤੋਂ ਇਲਾਵਾ ਕਈ ਹੋਰ ਗਾਇਕਾਂ ਨੇ ਦਰਸ਼ਕਾਂ/
ਸਰੋਤਿਆਂ ਦਾ ਮਨੋਰੰਜਨ ਕੀਤਾ ਅਤੇ ਸਭਿਆਚਾਰਕ ਗਾਇਕੀ ਦਾ ਚੰਗਾ ਰੰਗ ਬੰਨ੍ਹਿਆਂ। ਗਾਇਕੀ
ਦੌਰਾਨ ਮਿਸ ਪੂਜਾ ਦੀ ਮੰਚ ‘ਤੇ ਆਮਦ ਮੇਲੇ ਦੀ ਸਿਖਰ ਹੋ ਨਿਬੜੀ। ਮੰਚ ਸੰਚਾਲਕਾ ਉੱਘੀ
ਰੇਡੀਓ ਹੋਸਟ ਮਨਜੀਤ ਕੌਰ ਕੰਗ ਨੇ ਜਿਉਂ ਹੀ ਮਿਸ ਪੂਜਾ ਨੂੰ ਮੰਚ ‘ਤੇ ਆਉਣ ਦਾ ਸੱਦਾ
ਦਿੱਤਾ ਤਾਂ ਤਿੱਖੀ ਧੁੱਪ ਤੇ ਗਰਮੀ ਦੇ ਬਾਵਜੂਦ ਹਜਾਰਾਂ ਸਰੋਤਿਆਂ ਨੇ ਮੰਚ ਨੇੜੇ
ਝੁਰਮਟ ਪਾ ਲਿਆ। ਮਿਸ ਪੂਜਾ ਨੇ ਆਪਣੀ ਦਮਦਾਰ ਤੇ ਸੁਰੀਲੀ ਆਵਾਜ਼ ਦਾ ਜਾਦੂ ਬਿਖੇਰਦਿਆਂ
ਸਰੋਤਿਆਂ ਦੀ ਫਰਮਾਇਸ਼ ‘ਤੇ ਆਪਣੇ ਚਰਚਿਤ ਗੀਤਾਂ ਨਾਲ ਮੇਲੇ ਨੂੰ ਯਾਦਗਾਰੀ ਬਣਾ ਦਿੱਤਾ।
ਪ੍ਰੋ. ਮੋਹਨ ਸਿੰਘ ਫਾਉਂਡੇਸ਼ਨ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਨੇ ਗਰਮੀ ਦੇ ਬਾਵਜੂਦ
ਮੇਲੇ ਵਿੱਚ ਵੱਡੀ ਗਿਣਤੀ ਵਿਚ ਪੁੱਜੇ ਪੰਜਾਬੀਆਂ ਅਤੇ ਲਿਬਰਲ ਸਰਕਾਰ ਵੱਲੋਂ
ਕਾਮਾਗਾਟਾਮਾਰੂ ਦੁਖਾਂਤ ਲਈ ਫਾਊਂਡੇਸ਼ਨ ਦੀ ਮੰਗ ਉਪਰ ਹਾਊਸ ਆਫ ਕਾਮਨਜ਼ ਵਿਚ ਮੁਆਫੀ
ਮੰਗੇ ਜਾਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੇਲੇ ਦੌਰਾਨ
ਵੱਖ -ਵੱਖ ਸਟਾਲਾਂ ਤੋਂ ਇਲਾਵਾ ਗੁਲਾਟੀ ਪਬਲਿਸ਼ਰਜ਼ ਸਰੀ ਦੇ  ਸਤੀਸ਼ ਗੁਲਾਟੀ ਵੱਲੋਂ
ਕਿਤਾਬਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਲਾਈ ਗਈ ਜਿਸ ਨੂੰ ਲੋਕਾਂ ਨੇ ਭਰਵਾਂ ਹੁੰਗਾਰਾ ਦਿੱਤਾ।
ਉੱਘੇ ਵਿਦਵਾਨ ਡਾ. ਸਾਧੂ ਬਿੰਨਿੰਗ ਤੇ ਸੁਖਵੰਤ ਹੁੰਦਲ ਵੱਲੋਂ ‘ਭਾਰਤੀਆਂ ਨੇ ਕੈਨੇਡਾ
ਵਿਚ ਵੋਟ ਦਾ ਹੱਕ ਕਿਸ ਤਰਾਂ ਲਿਆ’, ਬਾਰੇ ਛਾਪਿਆ ਗਿਆ ਲੀਫਲੈਟ ਵੱਡੀ ਗਿਣਤੀ ਵਿਚ
ਲੋਕਾਂ ਨੂੰ ਵੰਡਿਆ ਗਿਆ।