-ਸਿਰਫ਼ ਪੀ.ਆਰ. ਮੁਅੱਤਲ, ਸੀਨੀਅਰ ਨਾਗਰਿਕਾਂ ਦੀ ਕੈਨੇਡਾ ਯਾਤਰਾ ‘ਤੇ ਕੋਈ ਪਾਬੰਦੀ ਨਹੀਂ
ਵਿਨੀਪੈੱਗ, 12 ਜਨਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ ਆਪਣੇ ਵੀਜ਼ਾ ਨੇਮ ਸਖ਼ਤ ਕਰਦਿਆਂ ਬਜ਼ੁਰਗਾਂ (ਮਾਪਿਆਂ ਅਤੇ ਦਾਦਾ-ਦਾਦੀ) ਲਈ ਸਥਾਈ ਨਿਵਾਸ ਵੀਜ਼ਾ ‘ਤੇ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਫ਼ੈਸਲਾ ਖ਼ਾਸ ਕਰਕੇ ਉਨ੍ਹਾਂ ਪੰਜਾਬੀ ਪਰਿਵਾਰਾਂ ਨੂੰ ਅਸਰ ਅੰਦਾਜ਼ ਕਰੇਗਾ, ਜੋ ਆਪਣੇ ਬਜ਼ੁਰਗਾਂ ਨੂੰ ਪੱਕੇ ਤੌਰ ‘ਤੇ ਕੈਨੇਡਾ ਬੁਲਾਉਣਾ ਚਾਹੁੰਦੇ ਸਨ। ਇਸ ਤੋਂ ਇਲਾਵਾ ਕੈਨੇਡੀਅਨ ਸਰਕਾਰ ਨੇ ਆਪਣੇ ਦੇਖਭਾਲ ਕਰਨ ਵਾਲੇ ਪ੍ਰੋਗਰਾਮ ਨੂੰ ਵੀ ਮੁਅੱਤਲ ਕਰ ਦਿੱਤਾ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ ਨੇ ਸਿਰਫ਼ ਸੀਨੀਅਰ ਨਾਗਰਿਕਾਂ ਲਈ ਪੀ.ਆਰ. ਨੂੰ ਮੁਅੱਤਲ ਕੀਤਾ ਹੈ। ਉਨ੍ਹਾਂ ਦੀ ਕੈਨੇਡਾ ਯਾਤਰਾ ‘ਤੇ ਕੋਈ ਪਾਬੰਦੀ ਨਹੀਂ ਹੈ। ਜੇਕਰ ਉਹ ਥੋੜ੍ਹੇ ਸਮੇਂ ਲਈ ਯਾਤਰਾ ਕਰਨਾ ਚਾਹੁੰਦੇ ਹਨ, ਤਾਂ ਅਜਿਹੇ ਵੀਜ਼ਿਆਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਹਾਲਾਂਕਿ, ਉਨ੍ਹਾਂ ਕੋਲ ਅਜੇ ਵੀ ਸੁਪਰ ਵੀਜ਼ਾ ਦਾ ਵਿਕਲਪ ਹੋਵੇਗਾ, ਜੋ ਉਨ੍ਹਾਂ ਨੂੰ ਲਗਾਤਾਰ ਪੰਜ ਸਾਲਾਂ ਲਈ ਕੈਨੇਡਾ ਵਿਚ ਰਹਿਣ ਦੀ ਆਗਿਆ ਦਿੰਦਾ ਹੈ।
ਕੈਨੇਡੀਅਨ ਸਰਕਾਰ ਨੇ ਦਸੰਬਰ 2025 ਵਿਚ ਕੇਅਰ ਗਿਵਰਜ਼ ਨਾਮ ਹੇਠ ਸ਼ੁਰੂ ਕੀਤੇ ਗਏ ‘ਹੋਮ ਕੇਅਰ ਵਰਕਰ’ ਪਾਇਲਟ ਪ੍ਰੋਗਰਾਮ ਨੂੰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤਾ ਹੈ। ਇਹ ਪ੍ਰੋਗਰਾਮ ਉਨ੍ਹਾਂ ਲੋਕਾਂ ਲਈ ਸੀ, ਜੋ ਬਜ਼ੁਰਗਾਂ ਜਾਂ ਬੱਚਿਆਂ ਦੀ ਦੇਖਭਾਲ ਲਈ ਕੈਨੇਡਾ ਦੀ ਯਾਤਰਾ ਕਰਨਾ ਚਾਹੁੰਦੇ ਸਨ।
ਥੋੜ੍ਹੇ ਸਮੇਂ ਲਈ ਜਾਣ ਵਾਲੇ ਸੈਲਾਨੀਆਂ ਜਾਂ ਰਿਸ਼ਤੇਦਾਰਾਂ ਲਈ ਪੁਰਾਣੇ ਵੀਜ਼ਾ ਨਿਯਮ ਲਾਗੂ ਰਹਿਣਗੇ। ਅੰਕੜਿਆਂ ਅਨੁਸਾਰ ਕੈਨੇਡਾ ਵਿੱਚ ਇਸ ਵੇਲੇ 65 ਸਾਲ ਤੋਂ ਵੱਧ ਉਮਰ ਦੇ ਲਗਪਗ 81 ਲੱਖ ਲੋਕ ਹਨ। ਹਰ ਸਾਲ ਲਗਪਗ 25,000 ਤੋਂ 30,000 ਬਜ਼ੁਰਗਾਂ ਨੂੰ ਪੀ.ਆਰ. ਮਿਲਦੀ ਸੀ, ਜਿਸ ਵਿਚ 6,000 ਦੇ ਕਰੀਬ ਪੰਜਾਬੀ ਹੁੰਦੇ ਸਨ। 2024 ਵਿਚ ਮਾਪਿਆਂ ਅਤੇ ਦਾਦਾ-ਦਾਦੀ ਪ੍ਰੋਗਰਾਮ (ਪੀ.ਜੀ.ਪੀ.) ਤਹਿਤ 27,330 ਪੀ.ਆਰ. ਵੀਜ਼ੇ ਦਿੱਤੇ ਗਏ ਸਨ। ਕੈਨੇਡੀਅਨ ਸਰਕਾਰ ਦਾ ਇਹ ਕਦਮ ਦੇਸ਼ ਦੇ ਸਿਹਤ ਢਾਂਚੇ ਅਤੇ ਰਿਹਾਇਸ਼ੀ ਸੰਕਟ ‘ਤੇ ਪੈ ਰਹੇ ਵਾਧੂ ਬੋਝ ਨੂੰ ਘਟਾਉਣ ਦੀ ਕੋਸ਼ਿਸ਼ਾਂ ਵਜੋਂ ਦੇਖਿਆ ਜਾ ਰਿਹਾ ਹੈ।
ਉਧਰ ਕੈਨੇਡਾ ਵਿਚ ਰਹਿ ਰਹੇ ਪੰਜਾਬੀ ਭਾਈਚਾਰੇ ਦਾ ਕਹਿਣਾ ਹੈ ਕਿ ਮਾਪਿਆਂ ਤੋਂ ਬਿਨਾਂ ਪਰਿਵਾਰ ਅਧੂਰੇ ਹਨ। ਬੱਚਿਆਂ ਦੀ ਦੇਖਭਾਲ ਅਤੇ ਘਰੇਲੂ ਸਹਾਇਤਾ ਲਈ ਬਜ਼ੁਰਗਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਸਪਾਂਸਰਸ਼ਿਪ ‘ਤੇ ਲੱਗੀ ਇਸ ਰੋਕ ਨੇ ਉਨ੍ਹਾਂ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ, ਜੋ ਲੰਬੇ ਸਮੇਂ ਤੋਂ ਆਪਣੇ ਮਾਪਿਆਂ ਨੂੰ ਪੱਕੇ ਤੌਰ ‘ਤੇ ਬੁਲਾਉਣ ਦੀ ਤਿਆਰੀ ਕਰ ਰਹੇ ਸਨ।
ਇਮੀਗ੍ਰੇਸ਼ਨ ਮਾਹਿਰਾਂ ਅਨੁਸਾਰ, ਕੈਨੇਡਾ ਸਰਕਾਰ ਇਸ ਵੇਲੇ ਰਿਹਾਇਸ਼ੀ ਸੰਕਟ ਅਤੇ ਸਿਹਤ ਸਹੂਲਤਾਂ ‘ਤੇ ਪੈ ਰਹੇ ਬੋਝ ਨੂੰ ਘਟਾਉਣ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਸਖ਼ਤ ਕਰ ਰਹੀ ਹੈ। ਆਉਣ ਵਾਲੇ ਦਿਨਾਂ ਵਿਚ ਸਪਾਂਸਰਸ਼ਿਪ ਦੀਆਂ ਸ਼ਰਤਾਂ (ਜਿਵੇਂ ਕਿ ਆਮਦਨ ਦਾ ਸਬੂਤ) ਹੋਰ ਵੀ ਸਖ਼ਤ ਕੀਤੀਆਂ ਜਾ ਸਕਦੀਆਂ ਹਨ।
ਕੈਨੇਡਾ ਸਰਕਾਰ ਵੱਲੋਂ ਬਜ਼ੁਰਗਾਂ ਦੀ ਪੀ.ਆਰ. ‘ਤੇ ਅਸਥਾਈ ਪਾਬੰਦੀ

