ਜਲੰਧਰ, 18 ਅਕਤੂਬਰ (ਪੰਜਾਬ ਮੇਲ)- ਹਾਲ ਹੀ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਹੱਤਿਆਕਾਂਡ ਦੇ ਮੁੱਦੇ ‘ਤੇ ਭਾਰਤੀ ਡਿਪਲੋਮੈਟਾਂ ‘ਤੇ ਦੋਸ਼ ਲਾਏ ਸਨ ਅਤੇ ਨਾਲ ਹੀ ਲਾਰੈਂਸ ਬਿਸ਼ਨੋਈ ਗੈਂਗ ‘ਤੇ ਦੇਸ਼ ‘ਚ ਹਿੰਸਾ ‘ਚ ਸ਼ਾਮਲ ਹੋਣ ਦਾ ਦੋਸ਼ ਲਾਇਆ ਸੀ। ਭਾਰਤ ਸਰਕਾਰ ਨੇ ਉਨ੍ਹਾਂ ਦੇ ਦੋਸ਼ਾਂ ਨੂੰ ਬੇਤੁਕਾ ਦੱਸਦੇ ਹੋਏ ਖਾਰਿਜ ਕੀਤਾ ਸੀ ਪਰ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਕੈਨੇਡਾ ਸਰਕਾਰ ਦੀਆਂ ਗੱਲਾਂ ਨਾਲ ਸਹਿਮਤ ਵਿਖਾਈ ਦਿੱਤੇ ਅਤੇ ਉਨ੍ਹਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਗੈਂਗਸਟਰਾਂ ਦੇ ਉਭਾਰ ‘ਚ ਸਰਕਾਰੀ ਏਜੰਸੀਆਂ ਸ਼ਾਮਲ ਹਨ।
ਜਲੰਧਰ ‘ਚ ਇਕ ਸਮਾਰੋਹ ‘ਚ ਸ਼ਾਮਲ ਹੋਣ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਡੇ ਲੋਕ ਵੱਡੀ ਗਿਣਤੀ ‘ਚ ਕੈਨੇਡਾ ‘ਚ ਰਹਿ ਰਹੇ ਹਨ। ਸਾਡੇ ਅਜ਼ੀਜ਼, ਸਾਡੇ ਰਿਸ਼ਤੇਦਾਰ ਉੱਥੇ ਰਹਿ ਰਹੇ ਹਨ ਅਤੇ ਸਾਡੇ ਕੈਨੇਡਾ ਨਾਲ ਬਹੁਤ ਚੰਗੇ ਸਬੰਧ ਹਨ, ਇਸ ਲਈ ਸਰਕਾਰ ਨੂੰ ਕੈਨੇਡਾ ਦੇ ਨਾਲ ਸਬੰਧ ਖ਼ਰਾਬ ਨਹੀਂ ਕਰਨੇ ਚਾਹੀਦੇ। ਸਾਡੀ ਸਰਕਾਰ ਨੂੰ ਦੋ-ਪੱਖੀ ਸਬੰਧਾਂ ਨੂੰ ਸੁਧਾਰਨ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਣ ਸਾਫ਼ ਹੋ ਚੁੱਕਿਆ ਹੈ ਕਿ ਗੈਂਗਸਟਰਾਂ ਦੇ ਉਭਾਰ ਪਿੱਛੇ ਏਜੰਸੀਆਂ ਸ਼ਾਮਲ ਹਨ ਅਤੇ ਸਿੱਧੂ ਮੂਸੇਵਾਲਾ ਦੀ ਹੱਤਿਆ ਵੀ ਰਾਜਨੀਤਿਕ ਸੀ ਅਤੇ ਇਹ ਗੱਲ ਤੁਹਾਨੂੰ ਥੋੜ੍ਹੀ ਦੇਰ ਬਾਅਦ ਆਪਣੇ ਆਪ ਹੀ ਸਮਝ ਆ ਜਾਵੇਗੀ।
ਟਰੂਡੋ ਨੇ ਕਿਹਾ ਸੀ ਕਿ ਭਾਰਤੀ ਡਿਪਲੋਮੇਟ ਪੀ.ਐੱਮ. ਨਰਿੰਦਰ ਮੋਦੀ ਸਰਕਾਰ ਦੀ ਆਲੋਚਨਾ ਕਰਨ ਵਾਲੇ ਕੈਨੇਡਾ ਦੇ ਲੋਕਾਂ ਬਾਰੇ ਸੂਚਨਾਵਾਂ ਇਕੱਠੀਆਂ ਕਰ ਰਹੇ ਸਨ ਅਤੇ ਉਸ ਨੂੰ ਭਾਰਤ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਲਾਰੈਂਸ ਬਿਸ਼ਨੋਈ ਗਿਰੋਹ ਵਰਗੇ ਅਪਰਾਧਿਕ ਸੰਗਠਨਾਂ ਤੱਕ ਪਹੁੰਚਾ ਰਹੇ ਸਨ।
ਟਰੂਡੋ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਖੁਫੀਆ ਏਜੰਸੀ ਅਤੇ ਸੰਭਵ ਹੈ ਕਿ ‘ਫਾਈਵ ਆਈਜ਼’ ਦੇ ਮੈਂਬਰ ਦੇਸ਼ਾਂ ਦੀਆਂ ਸਾਂਝੀਆਂ ਖੁਫੀਆ ਏਜੰਸੀਆਂ ਨੇ ਭਰੋਸੇਯੋਗ ਸੂਚਨਾ ਦਿੱਤੀ ਸੀ ਕਿ ਕੈਨੇਡਾ ਦੀ ਧਰਤੀ ‘ਤੇ ਇਕ ਕੈਨੇਡਾਈ ਦੀ ਹੱਤਿਆ ‘ਚ ਭਾਰਤ ਸਰਕਾਰ ਦੇ ਏਜੰਟ ਸ਼ਾਮਲ ਸਨ। ਇਹ ਕੁਝ ਅਜਿਹਾ ਸੀ, ਜਿਸ ਨੂੰ ਉਨ੍ਹਾਂ ਦੀ ਸਰਕਾਰ ਨੇ ਬਹੁਤ ਗੰਭੀਰਤਾ ਨਾਲ ਲਿਆ। ਫਾਈਵ ਆਈਜ਼ ‘ਚ ਕੈਨੇਡਾ ਤੋਂ ਇਲਾਵਾ, ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸ਼ਾਮਿਲ ਹਨ।
ਦੱਸਣਯੋਗ ਹੈ ਕਿ ਕੈਨੇਡਾ ਅਤੇ ਭਾਰਤ ਵਿਚਾਲੇ ਵਿਵਾਦ ਪਿਛਲੇ ਸਾਲ ਜੂਨ ਮਹੀਨੇ ‘ਚ ਨਿੱਝਰ ਦੀ ਹੱਤਿਆ ਤੋਂ ਬਾਅਦ ਵਧਣਾ ਸ਼ੁਰੂ ਹੋ ਗਿਆ ਸੀ। 18 ਜੂਨ 2023 ਨੂੰ ਕੈਨੇਡਾ ‘ਚ ਇਕ ਗੁਰਦੁਆਰਾ ਸਾਹਿਬ ਤੋਂ ਨਿਕਲਦੇ ਸਮੇਂ ਖਾਲਿਸਤਾਨ ਸਮਰਥਕ ਨੇਤਾ ਹਰਦੀਪ ਸਿੰਘ ਨਿੱਝਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਹੀ ਭਾਰਤ ‘ਤੇ ਇਹ ਦੋਸ਼ ਲਾਏ ਜਾਣ ਲੱਗੇ ਕਿ ਉਸ ਦੇ ਏਜੰਟਾਂ ਨੇ ਨਿੱਝਰ ਦੀ ਹੱਤਿਆ ਕਰਵਾਈ ਹੈ।