– ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਭਾਰਤ ਦੌਰੇ ਤੋਂ ਪਹਿਲਾਂ ਵੱਡਾ ਕਦਮ
– 26/11 ਹਮਲੇ ਦੇ ਦੋਸ਼ੀ ‘ਤੇ ਜਾਣਕਾਰੀ ਛੁਪਾਉਣ ਦਾ ਇਲਜ਼ਾਮ
ਟੋਰਾਂਟੋ, 24 ਫਰਵਰੀ (ਪੰਜਾਬ ਮੇਲ)- ਕੈਨੇਡਾ ਸਰਕਾਰ ਨੇ 2008 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾਵਾਂ ਵਿਚੋਂ ਇੱਕ, ਪਾਕਿਸਤਾਨੀ ਮੂਲ ਦੇ ਤਹੱਵੁਰ ਰਾਣਾ ਹੁਸੈਨ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਕਦਮ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ 26 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਭਾਰਤ ਦੌਰੇ ਤੋਂ ਠੀਕ ਪਹਿਲਾਂ ਚੁੱਕਿਆ ਗਿਆ ਹੈ, ਜਿਸ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚ ਸੁਧਾਰ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।
64 ਸਾਲਾ ਰਾਣਾ, ਜੋ ਡੇਵਿਡ ਹੈਡਲੀ ਦਾ ਕਰੀਬੀ ਰਿਹਾ ਹੈ, ਨੂੰ ਅਪ੍ਰੈਲ 2025 ਵਿਚ ਅਮਰੀਕਾ ਤੋਂ ਭਾਰਤ ਹਵਾਲੇ ਕੀਤਾ ਗਿਆ ਸੀ ਅਤੇ ਉਹ ਫਿਲਹਾਲ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ।
ਕੈਨੇਡੀਅਨ ਇਮੀਗ੍ਰੇਸ਼ਨ ਵਿਭਾਗ (ਆਈ.ਆਰ.ਸੀ.ਸੀ.) ਅਨੁਸਾਰ, ਰਾਣਾ ਦੀ ਨਾਗਰਿਕਤਾ ਅੱਤਵਾਦ ਦੇ ਦੋਸ਼ਾਂ ਕਾਰਨ ਨਹੀਂ, ਸਗੋਂ ਉਸ ਦੀ ਅਰਜ਼ੀ ਵਿਚ ਦਿੱਤੀ ਗਈ ਗਲਤ ਜਾਣਕਾਰੀ ਕਾਰਨ ਰੱਦ ਕੀਤੀ ਜਾ ਰਹੀ ਹੈ।
ਜਾਂਚ ਵਿਚ ਸਾਹਮਣੇ ਆਇਆ ਹੈ ਕਿ 2000 ਵਿਚ ਨਾਗਰਿਕਤਾ ਲਈ ਅਪਲਾਈ ਕਰਦੇ ਸਮੇਂ ਰਾਣਾ ਨੇ ਝੂਠ ਬੋਲਿਆ ਸੀ ਕਿ ਉਹ ਪਿਛਲੇ ਚਾਰ ਸਾਲਾਂ ਤੋਂ ਕੈਨੇਡਾ ਵਿਚ ਰਹਿ ਰਿਹਾ ਸੀ, ਜਦੋਂਕਿ ਅਸਲ ਵਿਚ ਉਹ ਸ਼ਿਕਾਗੋ (ਅਮਰੀਕਾ) ਵਿਚ ਆਪਣੇ ਕਾਰੋਬਾਰ ਚਲਾ ਰਿਹਾ ਸੀ। ਕੈਨੇਡੀਅਨ ਅਧਿਕਾਰੀਆਂ ਨੇ ਇਸ ਨੂੰ ‘ਗੰਭੀਰ ਅਤੇ ਜਾਣਬੁੱਝ ਕੇ ਕੀਤੀ ਗਈ ਧੋਖਾਧੜੀ’ ਕਰਾਰ ਦਿੱਤਾ ਹੈ। ਮਾਮਲਾ ਹੁਣ ਫੈਡਰਲ ਕੋਰਟ ਵਿਚ ਹੈ, ਜਿੱਥੇ ਰਾਣਾ ਦੇ ਵਕੀਲ ਨੇ ਇਸ ਫੈਸਲੇ ਵਿਰੁੱਧ ਅਪੀਲ ਕੀਤੀ ਹੈ।
ਕੈਨੇਡਾ ਵੱਲੋਂ ਤਹੱਵੁਰ ਰਾਣਾ ਹੁਸੈਨ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ

