#CANADA

ਕੈਨੇਡਾ ਵੱਲੋਂ ਟੂਰਸਿਟ ਵੀਜ਼ਾ ‘ਚ 3 ਲੱਖ ਦੀ ਕਟੌਤੀ

-ਵੱਡੀ ਗਿਣਤੀ ਪੰਜਾਬੀ ਪ੍ਰਭਾਵਿਤ
ਟੋਰਾਂਟੋ, 5 ਮਾਰਚ (ਪੰਜਾਬ ਮੇਲ)- ਕੈਨੇਡਾ ਨੇ ਇਮੀਗ੍ਰੇਸ਼ਨ ਸਬੰਧੀ ਨਿਯਮ ਸਖ਼ਤ ਕਰ ਦਿੱਤੇ ਹਨ। ਕੈਨੇਡਾ ਵੱਲੋਂ ਜਾਰੀ ਟੂਰਿਸਟ ਵੀਜ਼ਾ ਦੀ ਗਿਣਤੀ ਵਿਚ ਹਾਲ ਹੀ ਦੇ ਸਾਲਾਂ ਵਿਚ ਮਹੱਤਵਪੂਰਨ ਬਦਲਾਅ ਦੇਖੇ ਗਏ ਹਨ। ਕੈਨੇਡਾ ਵੱਲੋਂ ਟੂਰਸਿਟ ਵੀਜ਼ਾ ਵਿਚ 3 ਲੱਖ ਦੀ ਕਟੌਤੀ ਕੀਤੀ ਗਈ ਹੈ। ਇਸ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਹਨ। ਪੰਜਾਬੀ ਮੂਲ ਦੇ ਲੋਕਾਂ ਦੀ ਗਿਣਤੀ 60 ਫੀਸਦੀ ਦੇ ਕਰੀਬ ਹੈ। 2023 ਵਿਚ ਕੈਨੇਡਾ ਨੇ ਲਗਭਗ 18 ਲੱਖ ਟੂਰਿਸਟ ਵੀਜ਼ਾ ਜਾਰੀ ਕੀਤੇ। ਹਾਲਾਂਕਿ 2024 ‘ਚ ਇਹ ਗਿਣਤੀ ਘੱਟ ਕੇ ਲਗਭਗ 15 ਲੱਖ ਰਹਿ ਗਈ। ਇਕ ਸਾਲ ਵਿਚ 3 ਲੱਖ ਕਟੌਤੀ ਦਾ ਸਭ ਤੋਂ ਵੱਡਾ ਅਸਰ ਪੰਜਾਬੀ ਮੂਲ ਦੇ ਲੋਕਾਂ ‘ਤੇ ਹੋਇਆ ਹੈ। ਕੈਨੇਡਾ ਵਿਚ 12 ਲੱਖ ਦੇ ਕਰੀਬ ਪੰਜਾਬੀ ਭਾਈਚਾਰੇ ਦੇ ਲੋਕ ਹਨ।
ਇਕ ਸਰਵੇਖਣ ਮੁਤਾਬਕ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 5 ਲੱਖ 20 ਹਜ਼ਾਰ ਹੈ। 2023 ਤੱਕ ਪੰਜਾਬ ਤੋਂ ਸਟੱਡੀ ਲਈ ਜਾਣ ਵਾਲਿਆਂ ਦੀ ਗਿਣਤੀ 1.5 ਲੱਖ ਪ੍ਰਤੀ ਸਾਲਾਨਾ ਸੀ। ਲਿਹਾਜ਼ਾ ਪੰਜਾਬ ਦੇ ਲੋਕ ਆਪਣੇ ਪਰਿਵਾਰ ਵਾਲਿਆਂ ਦੇ ਵਿਆਹ ਜਾਂ ਸੋਗ ਵਿਚ ਸ਼ਾਮਲ ਹੋਣ ਲਈ ਕੈਨੇਡਾ ਆਉਂਦੇ-ਜਾਂਦੇ ਰਹਿੰਦੇ ਹਨ। ਬੀਤੇ ਕੁਝ ਸਾਲਾਂ ਵਿਚ ਕੈਨੇਡਾ ਨੇ ਟੂਰਿਸਟ ਵੀਜ਼ਾ ਵਿਚ ਸਖ਼ਤੀ ਕਰ ਦਿੱਤੀ ਹੈ। 2021 ‘ਚ ਕੈਨੇਡਾ ਨੇ 2,36,000 ਭਾਰਤੀਆਂ ਨੂੰ ਵੀਜ਼ਾ ਜਾਰੀ ਕੀਤਾ ਸੀ, ਜੋ 2022 ਵਿਚ ਵਧ ਕੇ 11 ਲੱਖ 67,999 ਹੋ ਗਈ ਅਤੇ 2023 ‘ਚ ਇਹ ਗਿਣਤੀ 18 ਲੱਖ ਦੇ ਅੰਕੜੇ ਤੱਕ ਪਹੁੰਚ ਗਈ, ਜਿਸ ਵਿਚ 60 ਫੀਸਦੀ ਪੰਜਾਬੀ ਸਨ।
ਹਾਲਾਂਕਿ 2024 ਦੀ ਪਹਿਲੀ ਛਮਾਹੀ ‘ਚ ਭਾਰਤੀਆਂ ਨੂੰ ਜਾਰੀ ਕੀਤੇ ਗਏ ਵਿਜ਼ਟਰ ਵੀਜ਼ਾ ਦੀ ਗਿਣਤੀ ਵਿਚ ਵਾਧਾ ਦੇਖਿਆ ਗਿਆ ਪਰ ਜੁਲਾਈ-ਅਗਸਤ ਵਿਚ ਇਹ ਗਿਣਤੀ ਘੱਟ ਗਈ ਅਤੇ ਕਈ ਬਿਨੈਕਾਰਾਂ ਨੂੰ ਰੀਫਿਊਜ਼ਲ ਦਾ ਸਾਹਮਣਾ ਕਰਨਾ ਪਿਆ। 2024 ਵਿਚ ਟੂਰਿਸਟ ਵੀਜ਼ਾ ਦੀ ਗਿਣਤੀ 15 ਲੱਖ ‘ਤੇ ਰੁੱਕ ਗਈ। ਇਨ੍ਹਾਂ ਤਬਦੀਲੀਆਂ ਪਿੱਛੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਵੀਜ਼ਾ ਪ੍ਰਕਿਰਿਆ ਵਿਚ ਸਖ਼ਤੀ, ਭਾਰਤ-ਕੈਨੇਡਾ ਵਿਚਾਲੇ ਕੂਟਨੀਤਕ ਸਬੰਧਾਂ ਵਿਚ ਤਣਾਅ ਆਦਿ।