#AMERICA

ਕੈਨੇਡਾ-ਭਾਰਤ ਵਿਵਾਦ: ਅਮਰੀਕਾ ਤੇ ਆਸਟ੍ਰੇਲੀਆ ਵੱਲੋਂ ਆਪਣੇ ਨਾਗਰਿਕਾਂ ਲਈ ਪੰਜਾਬੀ ‘ਚ ਦਿਸ਼ਾ-ਨਿਰਦੇਸ਼ ਜਾਰੀ

-ਭਾਈਚਾਰੇ ‘ਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈ ਕੇ ਵਿਸ਼ੇਸ਼ ਤੌਰ ‘ਤੇ ਪੰਜਾਬੀ ‘ਚ ਜਾਰੀ ਕੀਤੀਆਂ ਹਦਾਇਤਾਂ
ਵਾਸ਼ਿੰਗਟਨ, 27 ਸਤੰਬਰ (ਪੰਜਾਬ ਮੇਲ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤੀ ਏਜੰਸੀਆਂ ਦਾ ਹੱਥ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤੇ ਜਾਣ ਮਗਰੋਂ ਨਾ ਸਿਰਫ਼ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਤੇ ਡੂੰਘਾ ਪ੍ਰਭਾਅ ਪਿਆ ਹੈ, ਸਗੋਂ ਇਸ ਦਾ ਕੌਮਾਂਤਰੀ ਪੱਧਰ ‘ਤੇ ਅਸਰ ਵੇਖਣ ਨੂੰ ਮਿਲ ਰਿਹਾ ਹੈ। ਇਸ ਵਿਚਾਲੇ ਹੁਣ ਆਸਟ੍ਰੇਲੀਆ ਤੇ ਅਮਰੀਕਾ ਨੇ ਭਾਈਚਾਰੇ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਲੈ ਕੇ ਵਿਸ਼ੇਸ਼ ਤੌਰ ‘ਤੇ ਪੰਜਾਬੀ ਵਿਚ ਹਦਾਇਤਾਂ ਜਾਰੀ ਕੀਤੀਆਂ ਹਨ। ਆਸਟ੍ਰੇਲੀਅਨ ਫ਼ੈਡਰਲ ਪੁਲਿਸ ਅਤੇ ਯੂ.ਐੱਸ. ਡਿਪਾਰਟਮੈਂਟ ਆਫ਼ ਜਸਟਿਸ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਆਪਣੇ ਦੇਸ਼ ਵਿਚ ਰਹਿ ਰਹੇ ਨਾਗਰਿਕਾਂ ਲਈ ਪੰਜਾਬੀ ਵਿਚ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਯੂ.ਐੱਸ. ਡਿਪਾਰਟਮੈਂਟ ਆਫ਼ ਜਸਟਿਸ ਐੱਫ.ਬੀ.ਆਈ. ਨੇ ਆਪਣੇ ਦੇਸ਼ ਵਿਚ ਰਹਿੰਦੇ ਲੋਕਾਂ ਲਈ ਪੰਜਾਬੀ ‘ਚ ਧਮਕੀ ਅਤੇ ਡਰਾਉਣ ‘ਤੇ ਪ੍ਰਤੀਕਿਰਿਆ ਗਾਈਡ ਜਾਰੀ ਕੀਤੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਜੇਕਰ ਤੁਹਾਨੂੰ ਧਮਕੀਆਂ ਜਾ ਡਰਾਵੇ ਮਿਲਦੇ ਹਨ, ਤਾਂ ਤੁਸੀਂ ਇਸ ‘ਤੇ ਕਿਵੇਂ ਸ਼ਿਕਾਇਤ ਕਰਨੀ ਹੈ। ਇਸ ਵਿਚ ਵਿਅਕਤੀਗਤ ਧਮਕੀ, ਫ਼ੋਨ ‘ਤੇ ਧਮਕੀ, ਇਲੈਕਟ੍ਰਾਨਿਕ ਮੈਸੇਜ ਰਾਹੀਂ ਧਮਕੀ ਦੇ ਨਾਲ-ਨਾਲ ਸਾਈਬਰ ਹਮਲੇ ਤੱਕ ਨੂੰ ਲੈ ਕੇ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਲੋਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹਾ ਖ਼ਤਰਾ ਮਹਿਸੂਸ ਕਰਨ ‘ਤੇ ਸਿੱਧਾ ਐੱਫ.ਬੀ.ਆਈ. ਨਾਲ ਸੰਪਰਕ ਕਰਨ।
ਇਸੇ ਤਰ੍ਹਾਂ ਆਸਟ੍ਰੇਲੀਅਨ ਫੈਡਰਲ ਪੁਲਿਸ (ਏ.ਐੱਫ.ਪੀ.) ਨੇ ਵੀ ਪੰਜਾਬੀ ‘ਚ ਪੱਤਰ ਜਾਰੀ ਕਰ ਆਪਣੇ ਨਾਗਰਿਕਾਂ ਨੂੰ ਦੱਸਿਆ ਹੈ ਕਿ ਵਿਦੇਸ਼ੀ ਸਰਕਾਰਾਂ ਤੋਂ ਖ਼ਤਰੇ ਤੇ ਡਰ ਦੀ ਰਿਪੋਰਟ ਕਿਵੇਂ ਕਰਨੀ ਹੈ। ਏ.ਐੱਫ.ਪੀ. ਨੇ ਕਿਹਾ ਹੈ ਕਿ ਵਿਦੇਸ਼ੀ ਦਖ਼ਲ ਆਸਟ੍ਰੇਲੀਆ ਦੇ ਲੋਕਾਂ, ਸੁਤੰਤਰਤਾ ਤੇ ਸੁਰੱਖਿਆ ਅਤੇ ਰਾਸ਼ਟਰੀ ਸੰਸਥਾਵਾਂ ਦੀ ਅਖੰਡਤਾ ਲਈ ਗੰਭੀਰ ਖ਼ਤਰੇ ਨੂੰ ਦਰਸਾਉਂਦੀ ਹੈ। ਵਿਦੇਸ਼ ਦਖ਼ਲ ਦੇ ਖ਼ਤਰੇ ਆਸਟ੍ਰੇਲੀਆਈ ਭਾਈਚਾਰੇ ਦੇ ਕਿਸੇ ਇਕ ਖੇਤਰ ਤੱਕ ਸੀਮਤ ਨਹੀਂ ਹਨ ਤੇ ਨਾ ਹੀ ਕਿਸੇ ਇਕ ਰਾਸ਼ਟਰ-ਰਾਜ ਦੁਆਰਾ ਕੀਤਾ ਜਾਂਦਾ ਹੈ। ਇਸ ਪੱਤਰ ਵਿਚ ਸੱਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਭਾਈਚਾਰੇ ‘ਚ ਵਿਦੇਸ਼ੀ ਦਖ਼ਲ ਦੀਆਂ ਘਟਨਵਾਆਂ ਦੀ ਰਿਪੋਰਟ ਨੈਸ਼ਨਲ ਸਿਕਿਓਰਿਟੀ ਹੌਟਲਾਈਨ ਨੂੰ ਕੀਤੀ ਜਾ ਸਕਦੀ ਹੈ।

Leave a comment